ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਕੇਐਲ ਰਾਹੁਲ ਏਸ਼ੀਆ ਕੱਪ 2022 ਤੋਂ ਬਾਹਰ ਹੋ ਸਕਦੇ ਹਨ। ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਹਾਲ ਹੀ 'ਚ ਖਤਮ ਹੋਈ ਟੀ-20 ਸੀਰੀਜ਼ ਲਈ ਕੇਐੱਲ ਰਾਹੁਲ ਨੂੰ ਕਪਤਾਨ ਬਣਾਇਆ ਗਿਆ ਸੀ। ਇਸ ਤੋਂ ਬਾਅਦ ਉਹ ਸੱਟ ਕਾਰਨ ਸੀਰੀਜ਼ ਤੋਂ ਬਾਹਰ ਹੋ ਗਿਆ। ਜਿਸ ਤੋਂ ਬਾਅਦ ਰਿਸ਼ਭ ਪੰਤ ਨੂੰ ਟੀਮ ਦਾ ਕਪਤਾਨ ਬਣਾਇਆ ਗਿਆ। ਭਾਰਤੀ ਟੀਮ ਸੀਰੀਜ਼ ਦੇ ਪਹਿਲੇ 2 ਮੈਚ ਹਾਰ ਗਈ ਸੀ। ਫਿਰ ਸੀਰੀਜ਼ 'ਚ ਵਾਪਸੀ ਕੀਤੀ ਅਤੇ ਅਗਲੇ ਦੋ ਮੈਚ ਜਿੱਤੇ। ਆਖਰੀ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ ਅਤੇ ਸੀਰੀਜ਼ 2-2 ਨਾਲ ਬਰਾਬਰੀ 'ਤੇ ਖਤਮ ਹੋਈ ਸੀ।

ਇਸ ਕਾਰਨ ਰਾਹੁਲ ਏਸ਼ੀਆ ਕੱਪ ਤੋਂ ਬਾਹਰ ਹੋ ਸਕਦੇ ਹਨ

19 ਮਾਰਚ ਨੂੰ ਹੋਈ ਏਸ਼ੀਅਨ ਕ੍ਰਿਕਟ ਕੌਂਸਲ (ਏ. ਸੀ. ਸੀ.) ਦੀ ਬੈਠਕ 'ਚ ਫੈਸਲਾ ਲਿਆ ਗਿਆ ਸੀ ਕਿ ਏਸ਼ੀਆ ਕੱਪ 27 ਅਗਸਤ ਤੋਂ 11 ਸਤੰਬਰ ਤਕ ਸ਼੍ਰੀਲੰਕਾ 'ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਏਸ਼ੀਆ ਕੱਪ ਦੀ ਤਰੀਕ 24 ਅਗਸਤ ਤੋਂ ਬਦਲ ਕੇ 7 ਸਤੰਬਰ ਕਰ ਦਿੱਤੀ ਗਈ। ESPNcricinfo ਦੀ ਇੱਕ ਰਿਪੋਰਟ ਦੇ ਅਨੁਸਾਰ, ਸਪੋਰਟਸ ਹਰਨੀਆ ਸਰਜਰੀ ਤੋਂ ਬਾਅਦ ਇੱਕ ਖਿਡਾਰੀ ਨੂੰ ਠੀਕ ਹੋਣ ਵਿੱਚ 6 ਤੋਂ 12 ਹਫ਼ਤੇ ਲੱਗਦੇ ਹਨ। ਇਸ ਮੁਤਾਬਕ ਰਾਹੁਲ ਦੇ ਏਸ਼ੀਆ ਕੱਪ ਲਈ ਉਪਲਬਧ ਨਾ ਹੋਣ ਦੀ ਸੰਭਾਵਨਾ ਹੈ।

ਇਸ ਦੌਰਾਨ ਰਾਹੁਲ ਥੈਰੇਪੀ ਲਈ ਬੈਂਗਲੁਰੂ ਸਥਿਤ ਨੈਸ਼ਨਲ ਕ੍ਰਿਕਟ ਅਕੈਡਮੀ ਜਾਣਗੇ। ਰਾਹੁਲ ਨੇ ਹਾਲ ਹੀ 'ਚ ਟਵਿਟਰ 'ਤੇ ਸਰਜਰੀ ਤੋਂ ਬਾਅਦ ਦੀ ਤਸਵੀਰ ਪੋਸਟ ਕੀਤੀ ਹੈ। ਜਿਸ ਦੇ ਕੈਪਸ਼ਨ ਵਿੱਚ ਲਿਖਿਆ ਹੈ, ‘ਰੋਡ ਟੂ ਰਿਕਵਰੀ।’ ਕੇਐਲ ਰਾਹੁਲ ਸਰਜਰੀ ਲਈ ਜਰਮਨੀ ਗਏ ਸਨ ਜਿੱਥੇ ਉਨ੍ਹਾਂ ਦੀ ਸਰਜਰੀ ਸਫ਼ਲਤਾਪੂਰਵਕ ਹੋਈ ਹੈ। ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਰਾਹੁਲ ਜਲਦੀ ਹੀ ਫਿੱਟ ਹੋ ਜਾਣਗੇ ਅਤੇ ਮੈਦਾਨ 'ਤੇ ਵਾਪਸ ਨਜ਼ਰ ਆਉਣਗੇ। ਰਾਹੁਲ ਦੇ ਏਸ਼ੀਆ ਕੱਪ 'ਚ ਸ਼ਾਮਲ ਹੋਣ ਦੀ ਅਧਿਕਾਰਤ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ।

Posted By: Sarabjeet Kaur