ਨਵੀਂ ਦਿੱਲੀ (ਪੀਟੀਆਈ) : ਕੁਆਰੰਟਾਈਨ 'ਚ ਰਹਿਣ ਕਾਰਨ ਭਾਰਤ ਦੀਆਂ ਨਿਊਜ਼ੀਲੈਂਡ ਖ਼ਿਲਾਫ਼ ਇੰਗਲੈਂਡ ਵਿਚ ਹੋਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਫਾਈਨਲ ਦੀਆਂ ਤਿਆਰੀਆਂ ਪ੍ਰਭਾਵਿਤ ਹੋਣਗੀਆਂ ਪਰ ਫੀਲਡਿੰਗ ਕੋਚ ਆਰ ਸ਼੍ਰੀਧਰ ਨੂੰ ਲਗਦਾ ਹੈ ਕਿ ਖਿਡਾਰੀਆਂ ਦਾ ਤਜਰਬਾ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਕਾਫੀ ਹੋਵੇਗਾ। ਭਾਰਤੀ ਟੀਮ ਦੇ ਇਕ ਹਫ਼ਤੇ ਦੇ ਸਖ਼ਤ ਕੁਆਰੰਟਾਈਨ ਤੋਂ ਬਾਅਦ ਜੂਨ ਦੇ ਪਹਿਲੇ ਹਫ਼ਤੇ ਇੰਗਲੈਂਡ ਰਵਾਨਾ ਹੋਣ ਦੀ ਸੰਭਾਵਨਾ ਹੈ। ਅਜੇ ਇਹ ਪਤਾ ਨਹੀਂ ਲੱਗਾ ਕਿ ਵਿਰਾਟ ਕੋਹਲੀ ਤੇ ਉਨ੍ਹਾਂ ਦੀ ਟੀਮ ਨੂੰ ਨਿਊਜ਼ੀਲੈਂਡ ਖ਼ਿਲਾਫ਼ 18 ਜੂਨ ਤੋਂ ਸਾਊਥੈਂਪਟਨ ਵਿਚ ਸ਼ੁਰੂ ਹੋਣ ਵਾਲੇ ਫਾਈਨਲ ਤੋਂ ਪਹਿਲਾਂ ਅਭਿਆਸ ਦੀ ਇਜਾਜ਼ਤ ਦਿੱਤੀ ਜਾਵੇਗੀ ਜਾਂ ਨਹੀਂ। ਭਾਰਤੀ ਟੀਮ ਨੇ ਇਸ ਤੋਂ ਬਾਅਦ ਅਗਸਤ ਤੋਂ ਇੰਗਲੈਂਡ ਖ਼ਿਲਾਫ਼ ਪੰਜ ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਸ਼੍ਰੀਧਰ ਤੋਂ ਜਦ ਇਹ ਪੁੱਛਿਆ ਗਿਆ ਕਿ ਭਾਰਤ ਨੂੰ ਫਾਈਨਲ ਦੀ ਤਿਆਰੀ ਲਈ ਕਿੰਨਾ ਸਮਾਂ ਮਿਲੇਗਾ ਤਾਂ ਉਨ੍ਹਾਂ ਨੇ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਸਾਡੇ ਕੋਲ ਕੋਈ ਬਦਲ ਹੈ।

ਸਾਨੂੰ ਜਿੰਨਾ ਵੀ ਸਮਾਂ ਮਿਲੇਗਾ, ਅਸੀਂ ਉਸ ਦਾ ਪੂਰਾ ਫ਼ਾਇਦਾ ਉਠਾਉਣਾ ਚਾਹਾਂਗੇ ਕਿਉਂਕਿ ਇਹ ਸਭ ਕੁਆਰੰਟਾਈਨ, ਸਾਡੇ ਉੱਥੇ ਪੁੱਜਣ ਦੇ ਸਮੇਂ ਤੇ ਅਭਿਆਸ ਮੈਚ ਮਿਲਣ 'ਤੇ ਨਿਰਭਰ ਕਰਦਾ ਹੈ। ਇਸ ਲਈ ਮੈਨੂੰ ਨਹੀਂ ਲਗਦਾ ਕਿ ਸਾਡੇ ਕੋਲ ਕੋਈ ਬਦਲ ਹੈ। ਕੋਵਿਡ-19 ਮਹਾਮਾਰੀ ਦੀਆਂ ਚੁਣੌਤੀਆਂ, ਬਾਇਓ-ਬਬਲ (ਕੋਰੋਨਾ ਤੋਂ ਬਚਾਅ ਲਈ ਬਣਾਏ ਗਏ ਸੁਰੱਖਿਅਤ ਮਾਹੌਲ) ਦੀ ਜ਼ਿੰਦਗੀ ਤੇ ਕੁਆਰੰਟਾੀਨ ਕਾਰਨ ਖਿਡਾਰੀਆਂ ਲਈ ਪ੍ਰਰੋਗਰਾਮ ਤਿਆਰ ਕਰਨਾ ਮੁਸ਼ਕਲ ਬਣ ਗਿਆ ਹੈ ਪਰ ਸ਼੍ਰੀਧਰ ਨੂੰ ਲਗਦਾ ਹੈ ਕਿ ਘੱਟ ਤਿਆਰੀਆਂ ਨਾਲ ਉਤਰਨ ਦੀ ਮਾਨਸਿਕਤਾ ਵਿਚ ਖਿਡਾਰੀ ਆਪਣਾ ਸਰਬੋਤਮ ਪ੍ਰਦਰਸ਼ਨ ਵੀ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਮਾਨਸਿਕ ਤੌਰ 'ਤੇ ਚੁਸਤ ਹੋਣ ਦਾ ਸਮਾਂ ਹੈ। ਸਾਡੇ ਕੋਲ ਫਾਈਨਲ ਵਿਚ ਖੇਡਣ ਲਈ ਤਜਰਬੇਕਾਰ ਟੀਮ ਹੈ। ਹਰੇਕ ਖਿਡਾਰੀ ਹਾਲਾਤ ਨਾਲ ਤਾਲਮੇਲ ਬਿਠਾਉਣ ਦੇ ਯੋਗ ਹੈ। ਉਹ ਨਿਊਜ਼ੀਲੈਂਡ ਖ਼ਿਲਾਫ਼ ਖੇਡੇ ਹਨ ਤੇ ਇੰਗਲੈਂਡ ਵਿਚ ਖੇਡੇ ਹਨ। ਇਸ ਲਈ ਮੈਨੂੰ ਲਗਦਾ ਹੈ ਕਿ ਤਜਰਬਾ ਮਾਅਨੇ ਰੱਖੇਗਾ ਤੇ ਸਾਨੂੰ ਇਹ ਚੁਣੌਤੀ ਸਵੀਕਾਰ ਕਰਨੀ ਪਵੇਗੀ।

ਘੱਟ ਤਿਆਰੀ ਨਾਲ ਕਰ ਸਕਦੇ ਹਾਂ ਚੰਗਾ ਪ੍ਰਦਰਸ਼ਨ

ਸ਼੍ਰੀਧਰ ਨੇ ਕਿਹਾ ਕਿ ਅਸੀਂ ਅਸਲ ਵਿਚ ਇਹ ਯੋਜਨਾ ਨਹੀਂ ਬਣਾ ਸਕਦੇ ਕਿ ਅਸੀਂ ਕਿੰਨੇ ਅਭਿਆਸ ਸੈਸ਼ਨ ਚਾਹੁੰਦੇ ਹਾਂ ਕਿਉਂਕਿ ਅਸੀਂ ਸਿਰਫ਼ ਓਨੇ ਹੀ ਅਭਿਆਸ ਸੈਸ਼ਨ ਵਿਚ ਹਿੱਸਾ ਲੈ ਸਕਾਂਗੇ ਜਿੰਨੇ ਸਾਨੂੰ ਮਿਲਣਗੇ। ਕਈ ਵਾਰ ਜਦ ਤੁਸੀਂ ਘੱਟ ਤਿਆਰੀਆਂ ਨਾਲ ਮੈਦਾਨ 'ਤੇ ਉਤਰਦੇ ਹੋ ਤਾਂ ਤੁਸੀਂ ਵੱਧ ਧਿਆਨ ਲਾ ਕੇ ਖੇਡਦੇ ਹੋ ਤੇ ਇਸ ਲਈ ਤੁਸੀਂ ਆਪਣਾ ਸਰਬੋਤਮ ਪ੍ਰਦਰਸ਼ਨ ਵੀ ਕਰ ਸਕਦੇ ਹੋ। ਅਸੀਂ ਇਸੇ ਮਾਨਸਿਕਤਾ ਨਾਲ ਇਸ ਮੈਚ ਵਿਚ ਖੇਡਾਂਗੇ।