ਪੁਣੇ (ਪੀਟੀਆਈ) : ਵੱਡਾ ਸਕੋਰ ਬਣਾਉਣ ਦੀ ਕੋਸ਼ਿਸ਼ ਵਿਚ ਭਾਰਤੀ ਟੀਮ ਚਾਹੇ ਆਪਣੇ ਕੋਟੇ ਦੇ ਪੂਰੇ ਓਵਰ ਨਹੀਂ ਖੇਡ ਸਕੀ ਪਰ ਉਸ ਨੇ ਇੰਗਲੈਂਡ ਖ਼ਿਲਾਫ਼ ਤੀਜੇ ਤੇ ਫ਼ੈਸਲਾਕੁਨ ਵਨ ਡੇ ਅੰਤਰਰਾਸ਼ਟਰੀ ਮੈਚ ਵਿਚ ਸ਼ਿਖਰ ਧਵਨ, ਰਿਸ਼ਭ ਪੰਤ ਤੇ ਹਾਰਦਿਕ ਪਾਂਡਿਆ ਦੇ ਅਰਧ ਸੈਂਕੜਿਆਂ ਦੇ ਦਮ 'ਤੇ 48.2 ਓਵਰਾਂ ਵਿਚ 329 ਦੌੜਾਂ ਬਣਾ ਲਈਆਂ। ਇੰਗਲੈਂਡ ਦੇ ਸਾਹਮਣੇ ਜਿੱਤ ਲਈ 330 ਦੌੜਾਂ ਦਾ ਟੀਚਾ ਸੀ ਪਰ ਮਹਿਮਾਨ ਟੀਮ 50 ਓਵਰਾਂ ਵਿਚ ਨੌਂ ਵਿਕਟਾਂ 'ਤੇ 322 ਦੌੜਾਂ ਬਣਾ ਸਕੀ ਤੇ ਸੱਤ ਦੌੜਾਂ ਨਾਲ ਹਾਰ ਗਈ। ਇਸ ਮੈਚ ਵਿਚ ਮਿਲੀ ਜਿੱਤ ਤੋਂ ਬਾਅਦ ਟੀਮ ਇੰਡੀਆ ਨੇ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਵਿਚ 2-1 ਨਾਲ ਜਿੱਤ ਦਰਜ ਕੀਤੀ। ਇਸ ਮੈਚ ਵਿਚ ਇੰਗਲੈਂਡ ਦੀ ਟੀਮ ਦੇ ਕਪਤਾਨ ਜੋਸ ਬਟਲਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।