ਦੁਬਈ : ਗੁੱਟ ਦੇ ਸਪਿੰਨਰ ਕੁਲਦੀਪ ਯਾਦਵ ਆਈਸੀਸੀ ਟੀ-20 ਗੇਂਦਬਾਜ਼ਾਂ ਦੀ ਤਾਜ਼ਾ ਰੈਂਕਿੰਗ ਵਿਚ ਦੂਜੇ ਸਥਾਨ 'ਤੇ ਪੁੱਜ ਗਏ ਜੋ ਉਨ੍ਹਾਂ ਦੇ ਕਰੀਅਰ ਦੀ ਸਰਬੋਤਮ ਰੈਂਕਿੰਗ ਹੈ। ਉਥੇ ਟੀਮ ਰੈਂਕਿੰਗ ਵਿਚ ਭਾਰਤ ਦੋ ਰੈਂਕਿੰਗ ਅੰਕ ਗੁਆਉਣ ਦੇ ਬਾਵਜੂਦ ਪਾਕਿਸਤਾਨ ਤੋਂ ਬਾਅਦ ਦੂਜੇ ਸਥਾਨ 'ਤੇ ਬਣਿਆ ਹੋਇਆ ਹੈ। ਕੁਲਦੀਪ ਨੇ ਨਿਊਜ਼ੀਲੈਂਡ ਖ਼ਿਲਾਫ਼ ਆਖ਼ਰੀ ਟੀ-20 ਮੈਚ ਵਿਚ 26 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਹਾਲਾਂਕਿ ਭਾਰਤ ਉਹ ਮੈਚ ਚਾਰ ਦੌੜਾਂ ਨਾਲ ਤੇ ਸੀਰੀਜ਼ 1-2 ਨਾਲ ਹਾਰ ਗਿਆ। 24 ਸਾਲ ਦੇ ਇਸ ਸਪਿੰਨਰ ਨੂੰ ਸੀਰੀਜ਼ ਵਿਚ ਇੱਕੋ ਇਕ ਮੈਚ ਖੇਡਣ ਦਾ ਮੌਕਾ ਮਿਲਿਆ ਜਿਸ ਵਿਚ ਉਨ੍ਹਾਂ ਨੇ ਚੰਗੀ ਤਰ੍ਹਾਂ ਨਾਲ ਪੈਰ ਟਿਕਾ ਚੁੱਕੇ ਸਲਾਮੀ ਬੱਲੇਬਾਜ਼ਾਂ ਟਿਮ ਸੇਫਰਟ ਤੇ ਕੋਲਿਨ ਮੁਨਰੋ ਦੀਆਂ ਵਿਕਟਾਂ ਹਾਸਲ ਕੀਤੀਆਂ ਤੇ ਉਨ੍ਹਾਂ ਨੂੰ ਇਸ ਦਾ ਫ਼ਾਇਦਾ ਰੈਂਕਿੰਗ ਵਿਚ ਮਿਲਿਆ। ਗੇਂਦਬਾਜ਼ਾਂ ਦੀ ਸੂਚੀ ਵਿਚ ਉਹ ਹੁਣ ਦੂਜੇ ਸਥਾਨ 'ਤੇ ਹਨ ਤੇ ਸਿਰਫ਼ ਅਫ਼ਗਾਨਿਸਤਾਨ ਦੇ ਲੈੱਗ ਸਪਿੰਨਰ ਰਾਸ਼ਿਦ ਖਾਨ ਤੋਂ ਪਿੱਛੇ ਹਨ। ਟਾਪ-10 ਵਿਚ ਭਾਰਤ ਦਾ ਕੋਈ ਹੋਰ ਗੇਂਦਬਾਜ਼ ਨਹੀਂ ਹੈ। ਕੁਲਦੀਪ ਦੇ ਸਪਿੰਨ ਜੋੜੀਦਾਰ ਯੁਜਵਿੰਦਰ ਸਿੰਘ ਚਹਿਲ ਛੇ ਸਥਾਨ ਹੇਠਾਂ ਜਾ ਕੇ 17ਵੇਂ ਸਥਾਨ 'ਤੇ ਹਨ ਜਦਕਿ ਭੁਵਨੇਸ਼ਵਰ ਕੁਮਾਰ 18ਵੇਂ ਸਥਾਨ 'ਤੇ ਬਣੇ ਹੋਏ ਹਨ। ਬੱਲੇਬਾਜ਼ਾਂ ਵਿਚ ਭਾਰਤੀ ਉੱਪ ਕਪਤਾਨ ਰੋਹਿਤ ਸ਼ਰਮਾ ਤਿੰਨ ਸਥਾਨ ਉੱਪਰ ਚੜ੍ਹੇ ਹਨ ਜਦਕਿ ਕੇਐੱਲ ਰਾਹੁਲ ਤਿੰਨ ਸਥਾਨ ਹੇਠਾਂ ਡਿੱਗੇ ਹਨ ਜੋ ਪਿਛਲੇ ਦਿਨੀਂ ਹੋਈ ਸੀਰੀਜ਼ ਦਾ ਹਿੱਸਾ ਨਹੀਂ ਸਨ। ਪਾਕਿਸਤਾਨ ਦੇ ਬਾਬਰ ਆਜ਼ਮ ਚੋਟੀ 'ਤੇ ਹਨ। ਰੋਹਿਤ ਸੱਤਵੇਂ ਤੇ ਰਾਹੁਲ 10ਵੇਂ, ਜਦਕਿ ਸ਼ਿਖਰ ਧਵਨ 11ਵੇਂ ਸਥਾਨ 'ਤੇ ਹਨ। ਨਿਊਜ਼ੀਲੈਂਡ ਖ਼ਿਲਾਫ਼ ਸੀਰੀਜ਼ 'ਚੋਂ ਬਾਹਰ ਰਹੇ ਵਿਰਾਟ ਕੋਹਲੀ ਚਾਰ ਸਥਾਨ ਡਿੱਗ ਕੇ ਜ਼ਿੰਬਾਬਵੇ ਦੇ ਹੈਮਿਲਟਨ ਮਸਾਕਾਦਜਾ ਨਾਲ ਸਾਂਝੇ ਤੌਰ 'ਤੇ 19ਵੇਂ ਸਥਾਨ 'ਤੇ ਹਨ।

ਖੱਬੇ ਹੱਥ ਦੇ ਸਪਿੰਨਰ ਕਰੁਣਾਲ ਪਾਂਡਿਆ 39 ਸਥਾਨ ਚੜ੍ਹ ਕੇ ਕਰੀਅਰ ਦੀ ਸਰਬੋਤਮ 58ਵੀਂ ਰੈਂਕਿੰਗ 'ਤੇ ਹਨ। ਨਿਊਜ਼ਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਇਕ ਸਥਾਨ ਚੜ੍ਹ ਕੇ 12ਵੇਂ, ਟਾਸ ਟੇਲਰ ਸੱਤ ਸਥਾਨ ਚੜ੍ਹ ਕੇ 51ਵੇਂ ਤੇ ਟਿਮ ਸੇਫਰਟ 87 ਸਥਾਨ ਦੀ ਛਾਲ ਲਾ ਕੇ 83ਵੇਂ ਸਥਾਨ 'ਤੇ ਹਨ।