ਦੁਬਈ (ਪੀਟੀਆਈ) : ਆਈਸੀਸੀ ਦੀ ਬੁੱਧਵਾਰ ਨੂੰ ਜਾਰੀ ਹੋਈ ਤਾਜ਼ਾ ਟੀ-20 ਰੈਂਕਿੰਗ ਵਿਚ ਬੱਲੇਬਾਜ਼ਾਂ ਦੀ ਸੂਚੀ ਵਿਚ ਰੋਹਿਤ ਸ਼ਰਮਾ ਇਕ ਸਥਾਨ ਦੇ ਫ਼ਾਇਦੇ ਨਾਲ ਅੱਠਵੇਂ ਸਥਾਨ 'ਤੇ ਪੁੱਜ ਗਏ ਹਨ ਜਦਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਸ਼ਿਖਰ ਧਵਨ ਚੋਟੀ ਦੇ 10 ਵਿਚ ਸ਼ਾਮਲ ਹੋਣ ਦੇ ਬਹੁਤ ਨੇੜੇ ਹਨ। ਟੀਮ ਰੈਂਕਿੰਗ ਵਿਚ ਪਾਕਿਸਤਾਨ ਚੋਟੀ 'ਤੇ ਹੈ ਜਦਕਿ ਇੰਗਲੈਂਡ ਦੂਜੇ, ਦੱਖਣੀ ਅਫਰੀਕਾ ਤੀਜੇ ਤੇ ਭਾਰਤ ਚੌਥੇ ਸਥਾਨ 'ਤੇ ਹੈ। ਦੱਖਣੀ ਅਫਰੀਕਾ ਖ਼ਿਲਾਫ਼ 1-1 ਨਾਲ ਡਰਾਅ ਹੋਈ ਤਿੰਨ ਮੈਚਾਂ ਦੀ ਸੀਰੀਜ਼ ਦੇ ਦੂਜੇ ਮੈਚ ਵਿਚ ਕੋਹਲੀ ਨੇ ਅਜੇਤੂ 72 ਦੌੜਾਂ ਦੀ ਪਾਰੀ ਖੇਡੀ ਸੀ। ਇਸ ਦੀ ਬਦੌਲਤ ਉਨ੍ਹਾਂ ਨੂੰ ਇਕ ਸਥਾਨ ਦਾ ਫ਼ਾਇਦਾ ਹੋਇਆ ਤੇ ਉਹ 11ਵੇਂ ਸਥਾਨ 'ਤੇ ਪੁੱਜ ਗਏ ਜਦਕਿ ਧਵਨ ਨੇ 40 ਤੇ 36 ਦੇ ਸਕੋਰ ਕੀਤੇ ਜਿਸ ਨਾਲ ਉਹ ਤਿੰਨ ਸਥਾਨ ਦੀ ਛਾਲ ਲਾ ਕੇ 13ਵੇਂ ਸਥਾਨ 'ਤੇ ਪੁੱਜ ਗਏ। ਰੋਹਿਤ ਇੰਗਲੈਂਡ ਦੇ ਏਲੇਕਸ ਹੇਲਜ਼ ਨਾਲ ਸਾਂਝੇ ਤੌਰ 'ਤੇ ਅੱਠਵੇਂ ਸਥਾਨ 'ਤੇ ਹਨ। ਦੋਵਾਂ ਬੱਲੇਬਾਜ਼ਾਂ ਦੇ 664 ਅੰਕ ਹਨ। ਗੇਂਦਬਾਜ਼ਾਂ ਦੀ ਰੈਂਕਿੰਗ ਵਿਚ ਦੱਖਣੀ ਅਫਰੀਕਾ ਖ਼ਿਲਾਫ਼ ਖੇਡੀ ਭਾਰਤੀ ਟੀਮ 'ਚ ਸਭ ਤੋਂ ਜ਼ਿਆਦਾ ਫ਼ਾਇਦਾ ਵਾਸ਼ਿੰਗਟਨ ਸੁੰਦਰ ਨੂੰ ਹੋਇਆ ਹੈ ਤੇ ਉਹ ਅੱਠ ਸਥਾਨ ਦੇ ਫ਼ਾਇਦੇ ਨਾਲ 50ਵੇਂ ਸਥਾਨ 'ਤੇ ਪੁੱਜ ਗਏ ਹਨ। ਮੌਜੂਦਾ ਰੈਂਕਿੰਗ ਵਿਚ ਭਾਰਤ-ਦੱਖਣੀ ਅਫਰੀਕਾ ਸੀਰੀਜ਼, ਬੰਗਲਾਦੇਸ਼, ਅਫ਼ਗਾਨਿਸਤਾਨ ਤੇ ਜ਼ਿੰਬਾਬਵੇ ਵਿਚਾਲੇ ਹੋਈ ਤਿਕੋਣੀ ਸੀਰੀਜ਼ ਅਤੇ ਆਇਰਲੈਂਡ ਸਕਾਟਲੈਂਡ ਤੇ ਨੀਦਰਲੈਂਡ ਵਿਚਾਲੇ ਤਿਕੋਣੀ ਸੀਰੀਜ਼ ਨੂੰ ਸ਼ਾਮਲ ਕੀਤਾ ਗਿਆ ਹੈ। ਅਫ਼ਗਾਨਿਸਤਾਨ ਦੇ ਹਜ਼ਰਤੁੱਲ੍ਹਾ ਜਜਈ ਤੇ ਸਕਾਟਲੈਂਡ ਦੇ ਜਾਰਜ ਮੁੰਸੇ ਨੇ ਆਪੋ ਆਪਣੀਆਂ ਟੀਮਾਂ ਲਈ ਕਈ ਉਚਾਈਆਂ ਹਾਸਲ ਕੀਤੀਆਂ ਹਨ। ਪੰਜਵੀਂ ਰੈਂਕਿੰਗ 'ਤੇ ਕਾਬਜ ਜਜਈ ਦੇ 227 ਅੰਕ ਹਨ ਜੋ ਅਫ਼ਗਾਨਿਸਤਾਨ ਦੇ ਇਤਹਾਸ ਵਿਚ ਕਿਸੇ ਵੀ ਬੱਲੇਬਾਜ਼ ਦੇ ਸਰਬੋਤਮ ਅੰਕ ਹਨ। ਉਥੇ 21ਵੀਂ ਰੈਂਕਿੰਗ ਦੇ ਮੁੰਸੇ ਨੀਦਰਲੈਂਡ ਦੇ ਖ਼ਿਲਾਫ਼ 56 ਗੇਂਦਾਂ 'ਤੇ ਅਜੇਤੂ 127 ਦੌੜਾਂ ਦੀ ਪਾਰੀ ਖੇਡ ਕੇ 600 ਅੰਕਾਂ 'ਤੇ ਪੁੱਜਣ ਵਾਲੇ ਸਕਾਟਲੈਂਡ ਦੇ ਪਹਿਲੇ ਬੱਲੇਬਾਜ਼ ਬਣ ਗਏ ਸਨ ਪਰ ਸੀਰੀਜ਼ ਦੇ ਅੰਤ ਵਿਚ ਉਨ੍ਹਾਂ ਦੇ ਅੰਕ ਡਿੱਗ ਕੇ 585 ਰਹਿ ਗਏ।

ਕਵਿੰਟਨ ਡਿਕਾਕ ਨੂੰ ਮਿਲਿਆ ਫ਼ਾਇਦਾ :

ਭਾਰਤ-ਦੱਖਣੀ ਅਫਰੀਕਾ ਸੀਰੀਜ਼ ਦੌਰਾਨ ਦੱਖਣੀ ਅਫਰੀਕਾ ਦੇ ਕਪਤਾਨ ਕਵਿੰਟਨ ਡਿਕਾਕ ਨੇ 52 ਤੇ ਅਜੇਤੂ 79 ਦੌੜਾਂ ਦੀਆਂ ਪਾਰੀਆਂ ਖੇਡੀਆਂ ਜਿਸ ਨਾਲ ਉਹ 49ਵੇਂ ਸਥਾਨ ਤੋਂ 30ਵੇਂ ਸਥਾਨ 'ਤੇ ਪੁੱਜ ਗਏ। ਇਹ ਪਿਛਲੇ ਦੋ ਸਾਲ ਵਿਚ ਉਨ੍ਹਾਂ ਦੀ ਸਰਬੋਤਮ ਰੈਂਕਿੰਗ ਹੈ। ਸਪਿੰਨਰ ਤਬਰੇਜ ਸ਼ਮਸੀ ਪਹਿਲੀ ਵਾਰ ਚੋਟੀ ਦੇ 20 ਗੇਂਦਬਾਜ਼ਾਂ ਵਿਚ ਸ਼ਾਮਲ ਹੋਏ ਹਨ ਜਦਕਿ ਏਂਦਿਲੇ ਫੇਲੁਕਵਾਇਓ ਕਰੀਅਰ ਦੀ ਸਰਬੋਤਮ ਰੈਂਕਿੰਗ ਹਾਸਲ ਕਰਦੇ ਹੋਏ ਸੱਤਵੇਂ ਸਥਾਨ 'ਤੇ ਆ ਗਏ ਹਨ।

ਮਸਾਕਾਦਜਾ ਜ਼ਿੰਬਾਬਵੇ ਦੇ ਸਰਬੋਤਮ ਬੱਲੇਬਾਜ਼ :

ਬੰਗਲਾਦੇਸ਼ 'ਚ ਹੋਈ ਤਿਕੋਣੀ ਸੀਰੀਜ਼ ਵਿਚ ਕੁਝ ਦਿਲਚਸਪ ਤੱਥ ਸਾਹਮਣੇ ਆਏ ਹਨ। ਜ਼ਿੰਬਾਬਵੇ ਦੇ ਕਪਤਾਨ ਹੈਮਿਲਟਨ ਮਸਾਕਾਦਜਾ ਨੇ 22ਵੇਂ ਸਥਾਨ 'ਤੇ ਰਹਿੰਦੇ ਹੋਏ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲਿਆ। ਉਹ ਿਫ਼ਲਹਾਲ ਜ਼ਿੰਬਾਬਵੇ ਦੇ ਸਭ ਤੋਂ ਜ਼ਿਆਦਾ ਰੈਂਕਿੰਗ ਵਾਲੇ ਬੱਲੇਬਾਜ਼ ਹਨ। ਉਥੇ ਸੀਰੀਜ਼ ਵਿਚ ਸੱਤ ਵਿਕਟਾਂ ਲੈ ਕੇ ਅਫ਼ਗਾਨਿਸਤਾਨ ਦੇ ਸਪਿੰਨਰ ਮੁਜੀਬ ਉਰ ਰਹਿਮਾਨ ਚੋਟੀ ਦੇ 10 ਵਿਚ ਪੁੱਜ ਗਏ ਹਨ।

ਕੂਪਰ ਤੇ ਮੈਕਸ 41ਵੇਂ ਸਥਾਨ 'ਤੇ

ਆਇਰਲੈਂਡ ਵਿਚ ਹੋਈ ਸੀਰੀਜ਼ ਵਿਚ ਨੀਦਰਲੈਂਡ ਦੇ ਬੇਨ ਕੂਪਰ ਤੇ ਮੈਕਸ ਓ ਡੋਉਡ ਕਰੀਅਰ ਦੀ ਸਰਬੋਤਮ ਰੈਂਕਿੰਗ ਦੇ ਨਾਲ ਬੱਲੇਬਾਜ਼ਾਂ ਵਿਚ ਸਾਂਝੇ ਤੌਰ 'ਤੇ 41ਵੇਂ ਸਥਾਨ 'ਤੇ ਹਨ ਜਦਕਿ ਆਇਰਲੈਂਡ ਦੇ ਕਵਿਨ ਓ ਬਰਾਊਨ ਨੇ ਬੱਲੇਬਾਜ਼ੀ ਵਿਚ ਆਪਣੇ ਕਰੀਅਰ ਦੇ ਸਰਬੋਤਮ 459 ਅੰਕ ਹਾਸਲ ਕੀਤੇ ਹਨ।