ਸਾਊਥੈਂਪਟਨ (ਪੀਟੀਆਈ) : ਇੰਗਲੈਂਡ ਦੇ ਸਪਿੰਨਰ ਜੈਕ ਲੀਚ ਨੇ ਕਿਹਾ ਹੈ ਕਿ ਇਸ ਸਾਲ ਦੱਖਣੀ ਅਫਰੀਕਾ ਦੌਰੇ ਦੌਰਾਨ ਉਨ੍ਹਾਂ ਵਿਚ ਕੋਰੋਨਾ ਵਾਇਰਸ ਵਰਗੇ ਲੱਛਣ ਦਿਖਾਈ ਦਿੱਤੇ ਸਨ ਪਰ ਹੁਣ ਪੂਰੀ ਤਰ੍ਹਾਂ ਫਿਟਨੈੱਸ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਦਾ ਧਿਆਨ ਅਗਲੇ ਮਹੀਨੇ ਹੋਣ ਵਾਲੀ ਟੈਸਟ ਸੀਰੀਜ਼ ਲਈ ਰਾਸ਼ਟਰੀ ਟੀਮ ਵਿਚ ਥਾਂ ਬਣਾਉਣਾ ਹੈ। ਖੱਬੇ ਹੱਥ ਦੇ ਸਪਿੰਨਰ ਲੀਚ ਨੂੰ ਜਨਵਰੀ ਵਿਚ ਦੱਖਣੀ ਅਫਰੀਕਾ ਦੌਰੇ ਦੌਰਾਨ ਸੇਪਸਿਸ ਨਾਲ ਜੂਝਣ ਤੋਂ ਬਾਅਦ ਵਾਪਿਸ ਦੇਸ਼ ਮੁੜਨਾ ਪਿਆ ਸੀ। ਸੈਂਚੂਰੀਅਨ ਟੈਸਟ ਤੋਂ ਪਹਿਲਾਂ ਉਨ੍ਹਾਂ ਨੂੰ ਫਲੂ ਵੀ ਹੋ ਗਿਆ ਸੀ। ਵੈਸਟਇੰਡੀਜ਼ ਖ਼ਿਲਾਫ਼ ਅੱਠ ਜੁਲਾਈ ਤੋਂ ਸ਼ੁਰੂ ਹੋ ਰਹੀ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਲਈ ਇੰਗਲੈਂਡ ਦੀ 30 ਮੈਂਬਰੀ ਟੀਮ ਵਿਚ ਥਾਂ ਬਣਾਉਣ ਵਾਲੇ ਲੀਚ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਹੁਣ ਸਾਨੂੰ ਕਦੀ ਪਤਾ ਨਹੀਂ ਲੱਗੇਗਾ, ਜੇ ਦੱਖਣੀ ਅਫਰੀਕਾ ਵਿਚ ਜੋ ਲੱਛਣ ਦਿਖਾਈ ਦਿੱਤੇ ਸਨ ਉਹ ਹੁਣ ਦਿਖਦੇ ਤਾਂ ਮੈਂ ਯਕੀਨੀ ਤੌਰ 'ਤੇ ਕਹਿ ਸਕਦਾ ਸੀ ਕਿ ਇਹ ਕੋਰੋਨਾ ਵਾਇਰਸ ਹੈ ਪਰ ਹੁਣ ਮੈਂ ਸਿਹਤਮੰਦ ਤੇ ਫਿੱਟ ਮਹਿਸੂਸ ਕਰ ਰਿਹਾ ਹਾਂ। ਇਨ੍ਹਾਂ ਸਰਦੀਆਂ ਵਿਚ ਜੋ ਹੋਇਆ ਉਸ ਵਿਚ ਮੈਂ ਕੁਝ ਨਹੀਂ ਕਰ ਸਕਦਾ ਪਰ ਮੈਂ ਕਿਸਮਤਵਾਲਾ ਹਾਂ ਕਿ ਮੇਰੀ ਕ੍ਰੋਨ ਦੀ ਬਿਮਾਰੀ ਹੁਣ ਠੀਕ ਹੋ ਗਈ ਹੈ। ਕਈ ਅਜਿਹੇ ਲੋਕ ਹਨ ਜੋ ਮੇਰੇ ਤੋਂ ਵੀ ਬਦਤਰ ਬਿਮਾਰੀ ਨਾਲ ਪੀੜਤ ਹਨ। ਮੈਂ ਖ਼ੁਦ ਲਈ ਦੁਖੀ ਨਹੀਂ ਹਾਂ, ਮੈਂ ਜਿੰਨਾ ਸੰਭਵ ਹੋਵੇ ਓਨਾ ਕ੍ਰਿਕਟ ਖੇਡਣਾ ਚਾਹੁੰਦਾ ਹਾਂ ਤੇ ਫਿੱਟ ਤੇ ਸਿਹਤਮੰਦ ਰਹਿਣਾ ਚਾਹੁੰਦਾ ਹਾਂ।