ਬੈਂਗਲੁਰੂ (ਪੀਟੀਆਈ) : ਪੰਜਾਬ ਨੇ ਕੇਐੱਸਸੀਏ ਕ੍ਰਿਕਟ ਗਰਾਊਂਡ (2) 'ਤੇ ਖੇਡੇ ਗਏ ਸੈਅਦ ਮੁਸ਼ਤਾਕ ਅਲੀ ਟਰਾਫੀ ਦੇ ਗੁਰੱਪ-ਏ ਦੇ ਘੱਟ ਸਕੋਰ ਵਾਲੇ ਮੈਚ 'ਚ ਉੱਤਰ ਪ੍ਰਦੇਸ਼ ਨੂੰ 11 ਦੌੜਾਂ ਨਾਲ ਹਰਾ ਦਿੱਤਾ। ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 7 ਵਿਕਟਾਂ 'ਤੇ 134 ਦੌੜਾਂ ਬਣਾਈਆਂ। ਉੱਤਰ ਪ੍ਰਦੇਸ਼ ਦੀ ਟੀਮ 20 ਓਵਰਾਂ 'ਚ ਪੰਜ ਵਿਕਟਾਂ 'ਤੇ 123 ਦੌੜਾਂ ਹੀ ਬਣਾ ਸਕੀ।

ਜੰਮੂ-ਕਸ਼ਮੀਰ ਵੀ ਹਾਰਿਆ

ਬੈਂਗਲੁਰੂ : ਕਰਨਾਟਕ ਨੇ ਵੀ ਗੁਰੱਪ-ਏ ਦੇ ਮੈਚ 'ਚ ਜੰਮੂ-ਕਸ਼ਮੀਰ ਨੰੂ 43 ਦੌੜਾਂ ਨਾਲ ਹਰਾ ਦਿੱਤਾ। ਇਸ ਮੈਚ 'ਚ ਗੇਂਦਬਾਜ਼ਾਂ ਦਾ ਦਬਦਬਾ ਰਿਹਾ। ਜੰਮੂ-ਕਸ਼ਮੀਰ ਦੇ ਗੇਂਦਬਾਜ਼ਾਂ ਨੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਕਰਨਾਟਕ ਦੀ ਟੀਮ ਨੂੰ 20 ਓਵਰਾਂ 'ਚ ਪੰਜ ਵਿਕਟਾਂ 'ਤੇ 150 ਦੌੜਾਂ 'ਤੇ ਰੋਕ ਦਿੱਤਾ। ਕਰਨਾਟਕ ਦੇ ਗੇਂਦਬਾਜ਼ਾਂ ਨੇ ਵੀ ਦਮਦਾਰ ਪ੍ਰਦਰਸ਼ਨ ਕਰਦੇ ਹੋਏ ਜੰਮੂ-ਕਸ਼ਮੀਰ ਦੀ ਟੀਮ ਨੂੰ 18.4 ਓਵਰਾਂ 'ਚ 107 ਦੌੜਾਂ ਢੇਰੀ ਕਰ ਦਿੱਤਾ।

ਇਸ਼ਾਨ, ਵਿਵੇਕ ਨੇ ਦਿਵਾਈ ਬੰਗਾਲ ਨੂੰ ਜਿੱਤ

ਕੋਲਕਾਤਾ : ਇਸ਼ਾਨ ਪੋਰੇਲ ਦੀ ਸ਼ਾਨਦਾਰ ਗੇਂਦਬਾਜ਼ੀ ਤੇ ਵਿਵੇਕ ਸਿੰਘ ਦੇ ਅਰਧ-ਸੈਂਕੜੇ ਦੀ ਬਦੌਲਤ ਬੰਗਾਲ ਨੇ ਜਿੱਤ ਨਾਲ ਸ਼ੁਰੂਆਤ ਕੀਤੀ। ਗਰੁੱਪ-ਬੀ ਦੇ ਮੈਚ 'ਚ ਬੰਗਾਲ ਨੇ ਓਡੀਸ਼ਾ ਨੂੰ 9 ਵਿਕਟਾਂ ਨਾਲ ਹਰਾ ਦਿੱਤਾ। ਪੋਰੇਲ ਦੀਆਂ ਚਾਰ ਵਿਕਟਾਂ ਦੀ ਬਦੌਲਤ ਓਡੀਸ਼ਾ 113 ਦੌੜਾਂ 'ਤੇ ਢੇਰ ਹੋ ਗਈ। ਬੰਗਾਲ ਨੇ ਵਿਵੇਕ ਦੀਆਂ ਅਜੇਤੂ 54 ਤੇ ਸੁਵਾਂਕਰ ਬਲ ਦੀਆਂ ਅਜੇਤੂ 34 ਦੌੜਾਂ ਦੇ ਦਮ 'ਤੇ ਇਕ ਵਿਕਟ ਗੁਆ ਕੇ 12.2 ਓਵਰਾਂ 'ਚ ਇਹ ਟੀਚਾ ਹਾਸਲ ਕਰ ਲਿਆ।

ਨਿਸ਼ਾਂਤ ਦੀ ਤੂਫ਼ਾਨੀ ਪਾਰੀ, ਤਾਮਿਲਨਾਡੂ ਦੀ ਜਿੱਤ

ਕੋਲਕਾਤਾ : ਸਲਾਮੀ ਬੱਲੇਬਾਜ਼ ਸੀਹਰੀ ਨਿਸ਼ਾਂਤ ਦੀ ਅਜੇਤੂ 92 ਦੌੜਾਂ ਦੀ ਪਾਰੀ ਤੇ ਫਿਰ ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਦੇ ਦਮ 'ਤੇ ਤਾਮਿਲਨਾਡੂ ਨੇ ਈਡਨ ਗਾਰਡਨਸ ਸਟੇਡੀਅਮ 'ਚ ਖੇਡੇ ਗਏ ਗਰੁੱਪ-ਬੀ ਦੇ ਮੈਚ 'ਚ ਝਾਰਖੰਡ ਨੂੰ 66 ਦੌੜਾਂ ਨਾਲ ਹਰਾ ਦਿੱਤਾ। ਤਾਮਿਲਨਾਡੂ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਤੈਅ 20 ਓਵਰਾਂ 'ਚ ਪੰਜ ਵਿਕਟਾਂ 'ਤੇ 189 ਦੌੜਾਂ ਬਣਾਈਆਂ। ਜਵਾਬ 'ਚ ਝਾਰਖੰਡ ਦੀ ਟੀਮ ਸੱਤ ਵਿਕਟਾਂ ਗੁਆ ਕੇ 123 ਦੌੜਾਂ ਹੀ ਬਣਾ ਸਕੀ।