ਬੈਂਗਲੁਰੂ (ਪੀਟੀਆਈ) : ਪੰਜਾਬ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ ਟੀ-20 ਟੂਰਨਾਮੈਂਟ ਵਿਚ ਮੰਗਲਵਾਰ ਨੂੰ ਕਰਨਾਟਕ 'ਤੇ ਨੌਂ ਵਿਕਟਾਂ ਨਾਲ ਜਿੱਤ ਦਰਜ ਕੀਤੀ। ਪੰਜਾਬ ਨੇ ਸਿਧਾਰਥ ਕੌਲ (4/26) ਦੀ ਸ਼ਾਨਦਾਰ ਹੈਟਿ੍ਕ ਤੇ ਪ੍ਰਭਸਿਮਰਨ ਸਿੰਘ (52 ਗੇਂਦਾਂ 'ਤੇ ਅਜੇਤੂ 89 ਦੌੜਾਂ) ਦੀ ਧਮਾਕੇਦਾਰ ਪਾਰੀ ਨਾਲ 32 ਗੇਂਦਾਂ ਬਾਕੀ ਰਹਿੰਦੇ ਹੀ ਕਰਨਾਟਕ ਨੂੰ ਹਰਾ ਦਿੱਤਾ। ਕਰਕਨਾਟਕ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅੱਠ ਵਿਕਟਾਂ 'ਤੇ 125 ਦੌੜਾਂ ਹੀ ਬਣਾ ਸਕੀ। ਉਸ ਵੱਲੋਂ ਰੋਹਨ ਕਦਮ ਨੇ ਸਭ ਤੋਂ ਜ਼ਿਆਦਾ 32 ਦੌੜਾਂ ਬਣਾਈਆਂ। ਪੰਜਾਬ ਨੇ ਸਿਰਫ਼ 14.4 ਓਵਰਾਂ ਵਿਚ ਇਕ ਵਿਕਟ ਗੁਆ ਕੇ ਟੀਚਾ ਹਾਸਲ ਕਰ ਲਿਆ। ਪ੍ਰਭਸਿਮਰਨ ਸਿੰਘ ਨੇ ਆਪਣੀ ਪਾਰੀ ਵਿਚ ਨੌਂ ਚੌਕੇ ਤੇ ਪੰਜ ਛੱਕੇ ਲਾਏ ਤੇ ਅਭਿਸ਼ੇਕ ਸ਼ਰਮਾ (30) ਨਾਲ ਪਹਿਲੀ ਵਿਕਟ ਲਈ 93 ਦੌੜਾਂ ਦੀ ਭਾਈਵਾਲੀ ਕੀਤੀ। ਪੰਜਾਬ ਇਸ ਜਿੱਤ ਨਾਲ ਗਰੁੱਪ-ਏ ਵਿਚ ਅੱਠ ਅੰਕ ਲੈ ਕੇ ਸਿਖ਼ਰ 'ਤੇ ਹੈ। ਉਸ ਤੋਂ ਬਾਅਦ ਰੇਲਵੇ (ਅੱਠ ਅੰਕ), ਕਰਨਾਟਕ ਤੇ ਜੰਮੂ ਕਸ਼ਮੀਰ (ਦੋਵੇਂ ਚਾਰ ਅੰਕ) ਦਾ ਨਾ ਨੰਬਰ ਆਉਂਦਾ ਹੈ।