ਨਵੀਂ ਦਿੱਲੀ (ਜੇਐੱਨਐੱਨ) : ਮੈਦਾਨ ਦੇ ਹਰ ਕੋਨੇ ਵਿਚ ਸ਼ਾਟ ਖੇਡਣ ਦੀ ਸਮਰੱਥਾ ਰੱਖਣ ਵਾਲੇ ਸੂਰਿਆ ਕੁਮਾਰ ਯਾਦਵ ਟੀ-20 ਅੰਤਰਾਸ਼ਟਰੀ ਵਿਚ ਕਿਸੇ ਇਕ ਸਾਲ ਵਿਚ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਪਿਛਲੇ ਕੁਝ ਸਮੇਂ ਤੋਂ ਭਾਰਤ ਦੇ ਸਰਬੋਤਮ ਟੀ-20 ਅੰਤਰਰਾਸ਼ਟਰੀ ਬੱਲੇਬਾਜ਼ ਬਣ ਕੇ ਉੱਭਰੇ ਸੂਰਿਆ ਕੁਮਾਰ ਦੇ ਨਾਂ 'ਤੇ ਇਕ ਕੈਲੰਡਰ ਸਾਲ ਵਿਚ ਹੁਣ 732 ਦੌੜਾਂ ਦਰਜ ਹਨ। ਉਨ੍ਹਾਂ ਨੇ ਇਸ ਮਾਮਲੇ ਵਿਚ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੂੰ ਪਛਾੜਿਆ ਜਿਨ੍ਹਾਂ ਨੇ 2018 ਵਿਚ 689 ਦੌੜਾਂ ਬਣਾਈਆਂ ਸਨ।

ਦੱਖਣੀ ਅਫਰੀਕਾ ਖ਼ਿਲਾਫ਼ ਤਿੰਨ ਮੈਚਾਂ ਦੀ ਸੀਰੀਜ਼ ਦੇ ਸ਼ੁਰੂਆਤੀ ਟੀ-20 ਵਿਚ ਤਿਰੁਵੰਨਤਪੁਰਮ ਵਿਚ ਸੂਰਿਆ ਕੁਮਾਰ ਟੀ-20 ਵਿਚ 1000 ਦੌੜਾਂ ਦੇ ਅੰਕੜੇ ਤੋਂ ਸਿਰਫ਼ 24 ਦੌੜਾਂ ਦੂਰ ਹਨ। ਇਸ ਸਾਲ ਉਨ੍ਹਾਂ ਦਾ ਸਟ੍ਰਾਈਕ ਰੇਟ 180.29 ਦਾ ਰਿਹਾ ਹੈ ਜਦਕਿ 32 ਮੈਚਾਂ ਵਿਚ ਉਨ੍ਹਾਂ ਦਾ ਕਰੀਅਰ ਦਾ ਸਟ੍ਰਾਈਕ ਰੇਟ 173.35 ਦਾ ਰਿਹਾ ਹੈ। ਉਹ ਇਸ ਫਾਰਮੈਟ ਵਿਚ 57 ਛੱਕੇ ਤੇ 88 ਚੌਕੇ ਲਾ ਚੁੱਕੇ ਹਨ।

ਦੱਖਣੀ ਅਫਰੀਕਾ ਖ਼ਿਲਾਫ਼ ਬੁੱਧਵਾਰ ਜਦ ਉਹ ਕ੍ਰੀਜ਼ 'ਤੇ ਉਤਰੇ ਸਨ ਤਾਂ ਉਸ ਸਮੇਂ ਭਾਰਤੀ ਟੀਮ ਪਾਵਰ ਪਲੇਅ ਵਿਚ ਦੋ ਵਿਕਟਾਂ 'ਤੇ 17 ਦੌੜਾਂ ਬਣਾ ਕੇ ਮੁਸ਼ਕਲ ਵਿਚ ਸੀ। ਉਨ੍ਹਾਂ ਨੇ ਆਪਣੀ ਪਾਰੀ ਦੀ ਸ਼ੁਰੂਆਤੀ ਤਿੰਨ ਗੇਂਦਾਂ ਵਿਚੋਂ ਦੋ 'ਤੇ ਛੱਕੇ ਲਾ ਕੇ ਟੀਮ ਨੂੰ ਦਬਾਅ 'ਚੋਂ ਬਾਹਰ ਕੱਿਢਆ ਤੇ 33 ਗੇਂਦਾਂ ਦੀ ਹਮਲਾਵਰ ਪਾਰੀ ਵਿਚ ਅਜੇਤੂ 50 ਦੌੜਾਂ ਬਣਾ ਕੇ ਭਾਰਤ ਨੂੰ ਜਿੱਤ ਦਿਵਾਈ।

ਪਾਰੀ ਦੀ ਸ਼ੁਰੂਆਤ ਵਿਚ ਦੋ ਛੱਕਿਆਂ ਨਾਲ ਸੂਰਿਆ ਕੁਮਾਰ ਨੇ ਪਾਕਿਸਤਾਨ ਦੇ ਮੁਹੰਮਦ ਰਿਜ਼ਵਾਨ ਨੂੰ ਵੀ ਪਿੱਛੇ ਛੱਡ ਦਿੱਤਾ ਤੇ ਟੀ-20 ਅੰਤਰਾਸ਼ਟਰੀ ਵਿਚ ਕਿਸੇ ਇਕ ਕੈਲੰਡਰ ਸਾਲ ਵਿਚ ਸਭ ਤੋਂ ਵੱਧ ਛੱਕੇ ਲਾਉਣ ਦਾ ਰਿਕਾਰਡ ਬਣਾਇਆ। ਰਿਜ਼ਵਾਨ ਨੇ 2021 ਵਿਚ 42 ਛੱਕਿਆਂ ਦਾ ਰਿਕਾਰਡ ਬਣਾਇਆ ਸੀ। ਮਾਰਟਿਨ ਗੁਪਟਿਲ ਨੇ ਵੀ ਉਸੇ ਸਾਲ 41 ਛੱਕੇ ਲਾਏ ਸਨ। ਸੂਰਿਆ ਦੇ ਨਾਂ ਹੁਣ 45 ਛੱਕੇ ਹੋ ਗਏ ਹਨ ਤੇ ਇਸ ਸਾਲ ਭਾਰਤ ਨੇ ਅਜੇ ਕਈ ਹੋਰ ਟੀ-20 ਮੈਚ ਖੇਡਣੇ ਹਨ।

Posted By: Gurinder Singh