ਨਵੀਂ ਦਿੱਲੀ (ਜੇਐੱਨਐੱਨ) : ਸੌਰਵ ਗਾਂਗੁਲੀ ਨੇ ਆਪਣੇ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਦੇ ਆਖ਼ਰੀ ਦਿਨ ਨੂੰ ਯਾਦ ਕੀਤਾ। ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ 2008 ਵਿਚ ਜਦ ਉਹ ਆਪਣੇ ਕਰੀਅਰ ਦਾ ਫਾਈਨਲ ਟੈਸਟ ਮੈਚ ਖੇਡ ਰਹੇ ਸਨ ਤੇ ਰਿਟਾਇਰ ਹੋਣ ਵਾਲੇ ਸਨ ਤਾਂ ਉਸ ਸਮੇਂ ਟੀਮ ਇੰਡੀਆ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਉਨ੍ਹਾਂ ਨੂੰ ਹੈਰਾਨ ਕਰ ਦਿੱਤਾ ਸੀ। ਨਾਗਪੁਰ ਵਿਚ ਆਸਟ੍ਰੇਲੀਆ ਖ਼ਿਲਾਫ਼ ਗਾਂਗੁਲੀ ਨੇ ਆਪਣਾ ਆਖ਼ਰੀ ਟੈਸਟ ਮੈਚ ਖੇਡਿਆ ਸੀ ਤੇ ਇਸ ਮੈਚ ਦੇ ਫਾਈਨਲ ਸੈਸ਼ਨ ਵਿਚ ਧੋਨੀ ਨੇ ਉਨ੍ਹਾਂ ਨੂੰ ਟੀਮ ਇੰਡੀਆ ਦਾ ਕਪਤਾਨ ਬਣਾ ਦਿੱਤਾ ਸੀ। ਫਿਰ ਗਾਂਗੁਲੀ ਨੇ 3-4 ਓਵਰਾਂ ਤਕ ਟੀਮ ਦੀ ਕਪਤਾਨੀ ਕੀਤੀ ਤੇ ਭਾਰਤ ਨੂੰ ਉਸ ਮੈਚ ਵਿਚ 172 ਦੌੜਾਂ ਨਾਲ ਜਿੱਤ ਮਿਲੀ ਸੀ। 2000 ਤੋਂ ਲੈ ਕੇ 2005 ਤਕ 49 ਟੈਸਟ ਮੈਚਾਂ ਵਿਚ ਟੀਮ ਇੰਡੀਆ ਦੀ ਕਪਤਾਨੀ ਕਰਨ ਵਾਲੇ ਗਾਂਗੁਲੀ ਨੇ ਕਿਹਾ ਕਿ ਉਹ ਧੋਨੀ ਦੇ ਇਸ ਕਦਮ ਨਾਲ ਹੈਰਾਨ ਹੋ ਗਏ ਸਨ ਤੇ ਉਨ੍ਹਾਂ ਨੇ ਕਦੀ ਨਹੀਂ ਸੋਚਿਆ ਸੀ ਕਿ ਉਨ੍ਹਾਂ ਦੇ ਅੰਤਰਰਾਸ਼ਟਰੀ ਕਰੀਅਰ ਦੇ ਆਖ਼ਰੀ ਦਿਨ ਉਨ੍ਹਾਂ ਨੂੰ ਅਜਿਹਾ ਸਨਮਾਨ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਨਾਗਪੁਰ ਵਿਚ ਮੇਰਾ ਆਖ਼ਰੀ ਟੈਸਟ ਮੈਚ ਸੀ। ਉਹ ਮੈਚ ਦਾ ਆਖ਼ਰੀ ਦਿਨ ਤੇ ਆਖ਼ਰੀ ਸੈਸ਼ਨ ਸੀ। ਮੈਂ ਵਿਦਰਭ ਸਟੇਡੀਅਮ ਵਿਚ ਕਦਮ ਰੱਖਿਆ ਤੇ ਇਸ ਤੋਂ ਬਾਅਦ ਮੇਰੇ ਸਾਰੇ ਸਾਥੀ ਖਿਡਾਰੀ ਮੈਨੂੰ ਸਨਮਾਨਿਤ ਕਰਨ ਲਈ ਖੜ੍ਹੇ ਹੋ ਗਏ ਤੇ ਗਾਰਡ ਆਫ ਆਨਰ ਦਿੱਤਾ। ਗਾਂਗੁਲੀ ਨੇ ਇਹ ਗੱਲਾਂ ਮੰਯਕ ਅਗਰਵਾਲ ਨੂੰ ਇਕ ਚੈਟ ਦੌਰਾਨ ਦੱਸੀਆਂ। ਗਾਂਗੁਲੀ ਨੇ ਕਿਹਾ ਕਿ ਇਸ ਤੋਂ ਬਾਅਦ ਮੈਨੂੰ ਕਪਤਾਨੀ ਸੌਂਪੀ ਗਈ ਤੇ ਮੈਂ ਹੈਰਾਨ ਸੀ। ਮੈਂ ਕਦੀ ਅਜਿਹਾ ਨਹੀਂ ਸੋਚਿਆ ਸੀ, ਪਰ ਧੋਨੀ ਤਾਂ ਧੋਨੀ ਹਨ। ਅਸੀਂ ਉਹ ਟੈਸਟ ਮੈਚ ਜਿੱਤਿਆ ਪਰ ਮੇਰੇ ਦਿਮਾਗ਼ ਵਿਚ ਰਿਟਾਇਰਮੈਂਟ ਦੀਆਂ ਗੱਲਾਂ ਚੱਲ ਰਹੀਆਂ ਸਨ। ਮੈਨੂੰ ਨਹੀਂ ਪਤਾ ਕਿ ਆਖ਼ਰੀ ਤਿੰਨ ਚਾਰ ਓਵਰਾਂ ਵਿਚ ਮੈਂ ਕੀ ਕੀਤਾ। 113 ਟੈਸਟ ਮੈਚਾਂ ਵਿਚ 7212 ਦੌੜਾਂ ਬਣਾਉਣ ਵਾਲੇ ਗਾਂਗੁਲੀ ਨੇ 2008 ਵਿਚ ਨਾਗਪੁਰ ਟੈਸਟ ਤੋਂ ਬਾਅਦ ਰਿਟਾਇਰਮੈਂਟ ਲੈ ਲਈ ਸੀ। ਉਨ੍ਹਾਂ ਨੇ ਆਪਣੇ ਆਖ਼ਰੀ ਟੈਸਟ ਮੈਚ ਦੀ ਪਹਿਲੀ ਪਾਰੀ ਵਿਚ 85 ਦੌੜਾਂ ਬਣਾਈਆਂ ਸਨ। ਭਾਰਤ ਨੇ ਪਹਿਲੀ ਪਾਰੀ ਵਿਚ 441 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਸੀ। ਹਾਲਾਂਕਿ ਜਦ ਇਹ ਮੈਚ ਸਮਾਪਤ ਹੋਣ ਜਾ ਰਿਹਾ ਸੀ ਤਾਂ ਧੋਨੀ ਨੇ ਉਨ੍ਹਾਂ ਨੂੰ ਲੀਡ ਕਰਨ ਲਈ ਕਿਹਾ ਪਰ ਮੈਂ ਪਹਿਲਾਂ ਮਨ੍ਹਾ ਕਰ ਦਿੱਤਾ ਪਰ ਦੂਜੀ ਵਾਰ ਮੈਂ ਮਨ੍ਹਾ ਨਹੀਂ ਕਰ ਸਕਿਆ।

ਤਿੰਨ-ਚਾਰ ਓਵਰ ਕੀਤੀ ਕਪਤਾਨੀ :


ਦਰਅਸਲ ਉਸ ਮੈਚ ਵਾਲੇ ਦਿਨ ਦੇ ਠੀਕ ਅੱਠ ਸਾਲ ਪਹਿਲਾਂ ਮੈਂ ਟੀਮ ਇੰਡੀਆ ਦਾ ਕਪਤਾਨ ਬਣਿਆ ਸੀ। ਕਪਤਾਨ ਬਣਨ ਤੋਂ ਬਾਅਦ ਮੈਂ ਗੇਂਦਬਾਜ਼ੀ ਵਿਚ ਤਬਦੀਲੀ ਕੀਤੀ ਤੇ ਫੀਲਡ ਵੀ ਸੈੱਟ ਕੀਤੀ ਜਦ ਕੰਗਾਰੂ ਟੀਮ ਦੀ ਇਕ ਵਿਕਟ ਡਿੱਗਣੀ ਬਾਕੀ ਸੀ ਪਰ ਮੈਂ ਦੱਸਣਾ ਚਾਹਾਂਗਾ ਕਿ ਉਸ ਸਟੇਜ 'ਤੇ ਮੈਂ ਫੋਕਸ ਨਹੀਂ ਕਰ ਪਾ ਰਿਹਾ ਸੀ। ਤਿੰਨ-ਚਾਰ ਓਵਰਾਂ ਬਾਅਦ ਮੈਂ ਧੋਨੀ ਨੂੰ ਕਪਤਾਨੀ ਦੇ ਦਿੱਤੀ ਤੇ ਉਨ੍ਹਾਂ ਨੂੰ ਕਿਹਾ ਕਿ ਇਹ ਤੁਹਾਡਾ ਕੰਮ ਹੈ ਤੇ ਫਿਰ ਅਸੀਂ ਦੋਵੇਂ ਹੱਸਣ ਲੱਗੇ।

Posted By: Rajnish Kaur