ਨਵੀਂ ਦਿੱਲੀ,ਆਨਲਾਈਨ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (IPL) ਦੀ ਗੱਲ ਕਰੀਏ ਤਾਂ ਭਾਰਤ ਦੇ ਸਾਬਕਾ ਬੱਲੇਬਾਜ਼ ਸੁਰੇਸ਼ ਰੈਨਾ ਸਭ ਤੋਂ ਸਫ਼ਲ ਬੱਲੇਬਾਜ਼ਾਂ ਵਿੱਚੋਂ ਇੱਕ ਹਨ। ਨਿਜੀ ਕਾਰਨਾਂ ਕਰਕੇ 2020 ਦੇ ਸੀਜ਼ਨ ਤੋਂ ਖੁੰਝੇ ਸੁਰੇਸ਼ ਰੈਨਾ ਨੇ IPL 2021 ਵਿੱਚ ਆਪਣੇ ਸਰਬੋਤਮ ਪ੍ਰਦਰਸ਼ਨ ਨਾਲ ਵਾਪਸੀ ਕੀਤੀ ਹੈ। ਇੱਥੋਂ ਤੱਕ ਕਿ ਉਹ IPL ਦੇ ਦੂਜੇ ਭਾਗ ਵਿੱਚ ਖੇਡਣ ਜਾ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਇਸ ਦੌਰਾਨ ਬਿੱਗ ਬੌਸ 'ਚ ਜਾਣ ਦੀ ਇੱਛਾ ਜ਼ਾਹਰ ਕੀਤੀ ਹੈ।

CSK ਦੇ ਖੱਬੇ ਹੱਥ ਦੇ ਬੱਲੇਬਾਜ਼ ਸੁਰੇਸ਼ ਰੈਨਾ ਅਤੇ ਉਨ੍ਹਾਂ ਦੀ ਪਤਨੀ ਪ੍ਰਿਯੰਕਾ CSK ਦੀ 'ਸੁਪਰ ਕਪਲ' ਸੀਰੀਜ਼ ਦੇ ਪਹਿਲੇ ਐਪੀਸੋਡ ਵਿੱਚ ਦਿਖਾਈ ਦੇ ਰਹੇ ਹਨ। ਇਸ ਨਿਵੇਕਲੀ ਗੱਲਬਾਤ ਦੌਰਾਨ, ਜਦੋਂ ਜੋੜੇ ਨੂੰ ਪੁੱਛਿਆ ਗਿਆ ਕਿ ਤੁਸੀਂ ਕਿਹੜੇ ਰਿਐਲਿਟੀ ਸ਼ੋਅ ਵਿੱਚ ਆਉਣਾ ਚਾਹੁੰਦੇ ਹੋ, ਰੈਨਾ ਨੇ ਜਵਾਬ ਦਿੱਤਾ ਕਿ ਉਨ੍ਹਾਂ ਨੂੰ ਬਿੱਗ ਬੌਸ ਦੇ ਦੱਖਣੀ ਭਾਰਤੀ ਸੰਸਕਰਨ ਵਿੱਚ ਹਿੱਸਾ ਲੈਣ ਵਿੱਚ ਕੋਈ ਇਤਰਾਜ਼ ਨਹੀਂ ਹੈ। ਰੈਨਾ ਨੇ ਕਿਹਾ, "ਮੈਨੂੰ ਦੱਖਣੀ ਭਾਰਤੀ ਬਿਗ ਬੌਸ 'ਚ ਜਾਣ ਵਿਚ ਕੋਈ ਇਤਰਾਜ਼ ਨਹੀਂ ਹੈ। ਮੈਂ ਉਹ ਸ਼ੋਅ ਵੇਖਿਆ ਹੈ। ਉਨ੍ਹਾਂ ਦੀ ਭਾਸ਼ਾ ਸਿੱਖਣ ਦੀ ਜ਼ਰੂਰਤ ਹੈ(ਹੱਸਦੇ ਹੋਏ)।"

ਐਂਡਰਿਊ ਸਾਇਮੰਡਸ, ਐਸ ਸ਼੍ਰੀਸੰਤ, ਸਲਿਲ ਅੰਕੋਲਾ, ਵਿਨੋਦ ਕਾਂਬਲੀ, ਨਵਜੋਤ ਸਿੰਘ ਸਿੱਧੂ ਅਤੇ ਦਿ ਗ੍ਰੇਟ ਖਲੀ ਵਰਗੇ ਮਹਾਨ ਖਿਡਾਰੀ ਰਿਐਲਿਟੀ ਸ਼ੋਅ ਬਿੱਗ ਬੌਸ ਦਾ ਹਿੱਸਾ ਰਹੇ ਹਨ। ਗੱਲਬਾਤ ਦੌਰਾਨ ਰੈਨਾ ਆਪਣੀ ਪਤਨੀ ਅਤੇ ਉਨ੍ਹਾਂ ਦੇ ਛੇ ਸਾਲਾਂ ਦੇ ਵਿਆਹ ਬਾਰੇ ਗੱਲ ਕਰਦੇ ਹੋਏ ਰੋਮਾਂਟਿਕ ਹੋ ਗਏ। ਰੈਨਾ ਦੱਸਦੇ ਹਨ ਕਿ ਉਹ ਕਿਵੇਂ ਮਿਲੇ ਅਤੇ ਚੀਜ਼ਾਂ ਕਿਵੇਂ ਕੰਮ ਕਰਦੀਆਂ ਹਨ। ਉਨ੍ਹਾਂ ਕਿਹਾ, "ਜਦੋਂ ਮੈਂ ਉਸ ਨੂੰ ਪਹਿਲੀ ਵਾਰ ਮਿਲਿਆ ਸੀ, ਉਹ ਮੇਰੇ ਘਰ ਆਉਂਦੀ ਸੀ ਅਤੇ ਮੇਰਾ ਭਰਾ ਉਸ ਨੂੰ ਪੜ੍ਹਾਉਂਦਾ ਸੀ। ਮੇਰੇ ਬੋਰਡਿੰਗ ਸਕੂਲ ਜਾਣ ਤੋਂ ਪਹਿਲਾਂ ਮੇਰੇ ਭਰਾ ਦੀ ਪਤਨੀ ਅਤੇ ਪ੍ਰਿਯੰਕਾ ਇਕੱਠੇ ਪੜ੍ਹਦੇ ਸਨ।"

ਰੈਨਾ ਨੇ ਇਹ ਵੀ ਖੁਲਾਸਾ ਕੀਤਾ ਕਿ ਅਸੀਂ ਦੋਵੇਂ 2008 ਵਿੱਚ ਏਅਰਪੋਰਟ 'ਤੇ ਇੱਕ ਦੂਜੇ ਨਾਲ ਟਕਰਾ ਗਏ ਸੀ। ਉਸ ਸਮੇਂ, ਰੈਨਾ ਆਸਟ੍ਰੇਲੀਆ ਤੋਂ ਵਾਪਸ ਆ ਰਹੇ ਸੀ ਅਤੇ ਉਦੋਂ ਤੋਂ ਉਨ੍ਹਾਂ ਦਾ ਰਿਸ਼ਤਾ ਅੱਗੇ ਵਧਿਆ। ਇਸ ਦੌਰਾਨ, ਰੈਨਾ ਦੀ ਪਤਨੀ ਪ੍ਰਿਯੰਕਾ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਪਰਿਵਾਰ ਮਿਲਣਾ ਖੁਸ਼ਕਿਸਮਤੀ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਪਿਛਲੇ ਛੇ ਸਾਲਾਂ ਵਿੱਚ ਉਨ੍ਹਾਂ ਦੇ ਜੀਵਨ ਵਿੱਚ ਬਹੁਤ ਸੁੰਦਰ ਪਲ ਆਏ ਹਨ। ਦੂਜੇ ਪਾਸੇ, ਜਦੋਂ ਰੈਨਾ ਦੇ ਕਰੀਅਰ ਦੀ ਗੱਲ ਆਉਂਦੀ ਹੈ, ਉਨ੍ਹਾਂ ਨੇ ਇਸ ਸੀਜ਼ਨ ਦੇ ਪਹਿਲੇ 7 ਮੈਚਾਂ ਵਿੱਚ 123 ਦੌੜਾਂ ਬਣਾਈਆਂ ਹਨ ਅਤੇ ਸੀਐਸਕੇ ਨੂੰ IPL ਪਲੇਆਫ ਵਿੱਚ ਲਿਜਾਣ ਲਈ ਸ਼ਾਨਦਾਰ ਫਾਰਮ ਜਾਰੀ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ।

Posted By: Ramandeep Kaur