ਨਵੀਂ ਦਿੱਲੀ (ਪੀਟੀਆਈ) : ਵੈਸਟਇੰਡੀਜ਼ 'ਚ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਨਾਲ ਕਥਿਤ ਦੁਰਵਿਹਾਰ ਕਰਨ ਦੇ ਮਾਮਲੇ 'ਚ ਭਾਰਤੀ ਕ੍ਰਿਕਟ ਟੀਮ ਦੇ ਪ੍ਰਸ਼ਾਸਨਿਕ ਮੈਨੇਜਰ ਸੁਨੀਲ ਸੁਬਰਾਮਣੀਅਮ ਨੂੰ ਵਾਪਿਸ ਦੇਸ਼ ਬੁਲਾਉਣ ਦੇ ਆਪਣੇ ਫ਼ੈਸਲੇ ਨੂੰ ਬੀਸੀਸੀਆਈ ਨੇ ਬਦਲ ਦਿੱਤਾ ਹੈ। ਸੁਬਰਾਮਣੀਅਮ ਵੱਲੋਂ ਅਧਿਕਾਰੀਆਂ ਤੋਂ ਬਿਨਾਂ ਕਿਸੇ ਸ਼ਰਤ ਦੇ ਮਾਫ਼ੀ ਮੰਗਣ ਤੋਂ ਬਾਅਦ ਬੋਰਡ ਨੇ ਫ਼ੈਸਲਾ ਬਦਲ ਦਿੱਤਾ ਹੈ। ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਨਾਲ ਕਥਿਤ ਦੁਰਵਿਹਾਰ ਦੇ ਮਾਮਲੇ ਵਿਚ ਸੁਬਰਾਮਣੀਅਮ ਨੂੰ ਬੀਸੀਸੀਆਈ ਨੇ ਵੈਸਟਇੰਡੀਜ਼ ਦੇ ਦੌਰੇ ਦੇ ਵਿਚਾਲੇ ਹੀ ਪਹਿਲੀ ਫਲਾਈਟ ਫੜ ਕੇ ਵਾਪਿਸ ਦੇਸ਼ ਮੁੜਨ ਦਾ ਹੁਕਮ ਦਿੱਤਾ ਸੀ ਪਰ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਦੇ ਮੁਖੀ ਵਿਨੋਦ ਰਾਏ ਨੇ ਉਨ੍ਹਾਂ ਦੇ ਮਾਫ਼ੀਨਾਮੇ ਤੋਂ ਬਾਅਦ ਉਨ੍ਹਾਂ ਨੂੰ ਝਾੜ ਪਾਈ ਹੈ ਤੇ ਟੀਮ ਨਾਲ ਬਣੇ ਰਹਿਣ ਲਈ ਕਿਹਾ ਹੈ।