ਨਵੀਂ ਦਿੱਲੀ (ਪੀਟੀਆਈ) : ਟੀਮ ਇੰਡੀਆ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਭਾਰਤੀ ਟੀਮ ਦੀ ਮੈਨੇਜਮੈਂਟ ਨੂੰ ਇਕ ਖ਼ਾਸ ਗੁਜ਼ਾਰਿਸ਼ ਕੀਤੀ ਹੈ। ਸੁਨੀਲ ਗਾਵਸਕਰ ਨੇ ਕਿਹਾ ਹੈ ਕਿ ਵਨ ਡੇ ਅੰਤਰਰਾਸ਼ਟਰੀ ਮੈਚਾਂ ਵਿਚ ਸ਼੍ਰੇਅਸ ਅਈਅਰ ਨੂੰ ਲਗਾਤਾਰ ਨੰਬਰ ਚਾਰ 'ਤੇ ਮੌਕਾ ਦੇਣਾ ਚਾਹੀਦਾ ਹੈ। ਸ਼੍ਰੇਅਸ ਅਈਅਰ ਤੋਂ ਬਾਅਦ ਮਿਡਲ ਆਰਡਰ ਨੂੰ ਮਜ਼ਬੂਤ ਕਰਨ ਲਈ ਰਿਸ਼ਭ ਪੰਤ ਨੂੰ ਭੇਜਿਆ ਜਾਣਾ ਚਾਹੀਦਾ ਹੈ। ਵੈਸਟਇੰਡੀਜ਼ ਖ਼ਿਲਾਫ਼ ਦੂਜੇ ਵਨ ਡੇ ਮੈਚ ਵਿਚ 68 ਗੇਂਦਾਂ ਵਿਚ 71 ਦੌੜਾਂ ਬਣਾ ਕੇ ਸੁਰਖ਼ੀਆਂ ਹਾਸਲ ਕਰਨ ਵਾਲੇ ਸ਼੍ਰੇਅਸ ਅਈਅਰ ਨੇ ਅੱਠ ਮੈਚਾਂ ਦੀਆਂ ਛੇ ਪਾਰੀਆਂ ਵਿਚ ਤਿੰਨ ਅਰਧ ਸੈਂਕੜੇ ਲਾ ਦਿੱਤੇ। ਉਥੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਜ਼ਿਆਦਾ ਮੌਕਿਆਂ 'ਤੇ ਨਾਕਾਮ ਸਾਬਤ ਹੋਏ ਹਨ। ਸੁਨੀਲ ਗਾਵਸਕਰ ਦਾ ਮੰਨਣਾ ਹੈ ਕਿ ਹੁਣ ਸ਼੍ਰੇਅਸ ਅਈਅਰ ਨੂੰ ਪੱਕੇ ਤੌਰ 'ਤੇ ਨੰਬਰ ਚਾਰ ਦਾ ਸਥਾਨ ਦੇ ਦਿੱਤਾ ਜਾਣਾ ਚਾਹੀਦਾ ਹੈ। ਸੁਨੀਲ ਗਾਵਸਕਰ ਨੇ ਕਿਹਾ ਹੈ ਕਿ ਮੇਰੇ ਵਿਚਾਰ 'ਚ ਰਿਸ਼ਭ ਪੰਤ ਨੰਬਰ ਪੰਜ ਤੇ ਛੇ 'ਤੇ ਐੱਮਐੱਸ ਧੋਨੀ ਦੀ ਤਰ੍ਹਾਂ ਫਿਨਿਸ਼ਰ ਦੀ ਭੂਮਿਕਾ ਚੰਗੀ ਤਰ੍ਹਾਂ ਨਿਭਾਅ ਸਕਦੇ ਹਨ ਕਿਉਂਕਿ ਉਹ ਹਮਲਾਵਰ ਤਰੀਕੇ ਨਾਲ ਖੇਡਣਾ ਪਸੰਦ ਕਰਦੇ ਹਨ। ਜੇ ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਤੋਂ ਬਾਅਦ ਵਿਰਾਟ ਕੋਹਲੀ 40 ਓਵਰ ਤਕ ਬੱਲੇਬਾਜ਼ੀ ਕਰਦੇ ਹਨ ਤਾਂ ਫਿਰ ਰਿਸ਼ਭ ਪੰਤ ਨੂੰ ਨੰਬਰ ਚਾਰ 'ਤੇ ਭੇਜਣਾ ਸਹੀ ਹੋਵੇਗਾ। ਟੀਮ ਇੰਡੀਆ ਦੇ ਸਾਬਗਾ ਦਿੱਗਜ ਬੱਲੇਬਾਜ਼ ਸੁਨੀਲ ਗਾਵਸਕਰ ਦਾ ਇਹ ਵੀ ਮੰਨਣਾ ਹੈ ਕਿ ਜੇ ਭਾਰਤ ਨੂੰ ਸ਼ੁਰੂਆਤੀ ਝਟਕੇ ਜਲਦੀ ਲਗਦੇ ਹਨ ਤਾਂ 20-30 ਓਵਰਾਂ ਵਿਚ ਦੋ ਜਾਂ ਤਿੰਨ ਵਿਕਟਾਂ ਡਿੱਗ ਜਾਂਦੀਆਂ ਹਨ ਤਾਂ ਫਿਰ ਨੰਬਰ ਚਾਰ 'ਤੇ ਸ਼੍ਰੇਅਸ ਅਈਅਰ ਨੂੰ ਭੇਜਿਆ ਜਾਣਾ ਚਾਹੀਦਾ ਹੈ ਕਿਉਂਕਿ ਉਹ ਸ਼ਾਂਤੀ ਨਾਲ ਖੇਡ ਕੇ ਸਕੋਰ ਬੋਰਡ ਨੂੰ ਅੱਗੇ ਵਧਾ ਸਕਦੇ ਹਨ ਪਰ ਰਿਸ਼ਭ ਪੰਤ ਅਜੇ ਤਕ ਇਸ ਤਰ੍ਹਾਂ ਦੀ ਬੱਲੇਬਾਜ਼ੀ ਨਹੀਂ ਦਿਖਾ ਸਕੇ ਹਨ।

ਸ਼੍ਰੇਅਸ ਨੇ ਕੀਤਾ ਖ਼ੁਦ ਨੂੰ ਸਾਬਿਤ

ਜ਼ਿਕਰਯੋਗ ਹੈ ਕਿ ਸ਼੍ਰੇਅਸ ਅਈਅਰ ਨੂੰ ਵੈਸਟਇੰਡੀਜ਼ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਮੈਚਾਂ ਦੀ ਸੀਰੀਜ਼ ਵਿਚ ਮੌਕਾ ਨਹੀਂ ਮਿਲਿਆ ਸੀ। ਬਾਅਦ ਵਿਚ ਸ਼੍ਰੇਅਸ ਅਈਅਰ ਨੂੰ ਵਨ ਡੇ ਵਿਚ ਮੌਕਾ ਮਿਲਿਆ ਤੇ ਲਗਭਗ ਇਕ ਸਾਲ ਤੋਂ ਬਾਅਦ ਉਨ੍ਹਾਂ ਨੇ ਆਪਣੀ ਪਹਿਲੀ ਹੀ ਪਾਰੀ ਵਿਚ ਸ਼ਾਨਦਾਰ ਅਰਧ ਸੈਂਕੜਾ ਲਾ ਕੇ ਖ਼ੁਦ ਨੂੰ ਸਾਬਿਤ ਕਰ ਦਿੱਤਾ। 24 ਸਾਲਾ ਬੱਲੇਬਾਜ਼ ਸ਼੍ਰੇਅਸ ਅਈਅਰ ਦੇ ਅਰਧ ਸੈਂਕੜੇ ਤੇ ਵਿਰਾਟ ਕੋਹਲੀ ਦੇ ਸੈਂਕੜੇ ਦੇ ਦਮ 'ਤੇ ਟੀਮ ਇੰਡੀਆ ਨੇ 279 ਦੌੜਾਂ ਬਣਾਈਆਂ ਤੇ ਮੈਚ 59 ਦੌੜਾਂ ਦੇ ਫ਼ਰਕ ਨਾਲ ਜਿੱਤ ਲਿਆ।