ਸਿਡਨੀ (ਪੀਟੀਆਈ) : ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਸਭ ਤੋਂ ਮਹਿੰਗੇ ਖਿਡਾਰੀਆਂ ਵਿਚੋਂ ਇਕ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੇ ਲੀਗ ਨੂੰ ਲੈ ਕੇ ਉਮੀਦ ਨਹੀਂ ਛੱਡੀ ਹੈ। ਉਨ੍ਹਾਂ ਨੇ ਨਾਲ ਹੀ ਸਵੀਕਾਰ ਕੀਤਾ ਕਿ ਕੋਰੋਨ ਵਾਇਰਸ ਕਾਰਨ ਲਾਕਡਾਊਨ ਨਾਲ ਟੂਰਨਮੈਂਟ ਦੇ ਇਸ ਮਹੀਨੇ ਸ਼ੁਰੂ ਹੋਣ ਦੀ ਸੰਭਾਵਨਾ ਘੱਟ ਹੈ। ਕਮਿੰਸ ਨੂੰ ਕੋਲਕਾਤਾ ਨਾਈਟਰਾਈਡਰਜ਼ ਨੇ ਇਸ ਸਾਲ ਦੇ ਸ਼ੁਰੂ ਵਿਚ ਹੋਈ ਨਿਲਾਮੀ ਵਿਚ 15.50 ਕਰੋੜ ਰੁਪਏ ਵਿਚ ਖ਼ਰੀਦਿਆ ਸੀ। ਉਹ ਆਈਪੀਐੱਲ ਵਿਚ ਸਭ ਤੋਂ ਵੱਡੀ ਕੀਮਤ 'ਤੇ ਵਿਕਣ ਵਾਲੇ ਵਿਦੇਸ਼ੀ ਖਿਡਾਰੀ ਬਣੇ ਸਨ। 26 ਸਾਲ ਦੇ ਕਮਿੰਸ ਨੇ ਕਿਹਾ ਕਿ ਆਈਪੀਐੱਲ ਅਜੇ ਰੱਦ ਨਹੀਂ ਕੀਤਾ ਗਿਆ ਹੈ ਜਾਂ ਇਸ ਤਰ੍ਹਾਂ ਦਾ ਕੋਈ ਫ਼ੈਸਲਾ ਪ੍ਰਬੰਧਕਾਂ ਨੇ ਨਹੀਂ ਲਿਆ ਹੈ। ਉਸ ਦੀ ਸਥਿਤੀ ਅਜੇ ਜਿਵੇਂ ਦੀ ਤਿਵੇਂ ਹੈ। ਅਸੀਂ ਲਗਾਤਾਰ ਆਪਣੀਆਂ ਟੀਮਾਂ ਦੇ ਸੰਪਰਕ ਵਿਚ ਹਾਂ। ਯਕੀਨੀ ਤੌਰ 'ਤੇ ਹੁਣ ਵੀ ਹਰ ਕੋਈ ਚਾਹੁੰਦਾ ਹੈ ਕਿ ਇਹ ਟੂਰਨਾਮੈਂਟ ਹੋਵੇ ਪਰ ਸਾਰੇ ਜਾਣਦੇ ਹਨ ਕਿ ਤਰਜੀਹ ਕੋਰੋਨਾ ਵਾਇਰਸ ਨੂੰ ਫ਼ੈਲਣ ਤੋਂ ਰੋਕਣਾ ਹੈ।