ਜੇਐੱਨਐੱਨ, ਨਵੀਂ ਦਿੱਲੀ : ਵੈਸਟਇੰਡੀਜ਼ ਦੇ ਆਪਣੇ ਜ਼ਮਾਨੇ ਦੇ ਦਿੱਗਜ ਬੱਲੇਬਾਜ਼ ਵਿਵ ਰਿਚਡਰਸ ਭਾਰਤ 'ਚ ਸਪਿੰਨਰਾਂ ਦੀ ਮਦਦ ਕਰਨ ਵਾਲੀ ਪਿੱਚ ਬਾਰੇ ਇੰਗਲੈਂਡ ਦੇ ਸਾਬਕਾ ਤੇ ਮੌਜੂਦਾ ਕ੍ਰਿਕਟਰਾਂ ਦੇ ਰੋਣ-ਧੋਣ ਤੋਂ ਖ਼ੁਸ਼ ਨਹੀਂ ਹਨ ਤੇ ਉਨ੍ਹਾਂ ਕਿਹਾ ਕਿ ਮਹਿਮਾਨ ਟੀਮ ਚੁਣੌਤੀ ਲਈ ਤਿਆਰ ਨਹੀਂ ਸੀ।

ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੀ ਨਵੀਂ ਪਿੱਚ ਉਦੋਂ ਚਰਚਾ ਦਾ ਵਿਸ਼ਾ ਬਣ ਗਈ ਜਦੋਂ ਭਾਰਤ ਨੇ ਇੰਗਲੈਂਡ ਨੂੰ ਤੀਸਰੇ ਟੈਸਟ 'ਚ ਦੂਸਰੇ ਦਿਨ ਹੀ 10 ਵਿਕਟਾਂ ਨਾਲ ਕਰਾਰੀ ਮਾਤ ਦੇ ਕੇ ਚਾਰ ਮੈਚਾਂ ਦੀ ਸੀਰੀਜ਼ 'ਚ 2-1 ਨਾਲ ਲੀਡ ਹਾਸਲ ਕੀਤੀ। ਮਾਈਕਲ ਵਾਨ ਵਰਗੇ ਇੰਗਲੈਂਡ ਦੇ ਸਾਬਕਾ ਕਪਤਾਨਾਂ ਤੇ ਬਿ੍ਟਿਸ਼ ਮੀਡੀਆ ਦੇ ਇਕ ਵਰਗ ਨੇ ਇਸ ਪਿੱਚ ਦੀ ਸਖ਼ਤ ਆਲੋਚਨਾ ਕੀਤੀ ਸੀ। ਇਹ ਬਹਿਸ ਰਿਚਡਰਸ ਨੂੰ ਚੰਗੀ ਨਹੀਂ ਲੱਗੀ, ਜੋ ਆਪਣੇ ਬੇਪਰਵਾਹ ਬੱਲੇਬਾਜ਼ੀ ਕਾਰਨ ਦੁਨੀਆ ਦੇ ਹਾਰ ਕੋਨੇ 'ਚ ਸਫਲ ਰਹੇ ਸਨ।

ਰਿਚਡਰਸ ਨੇ ਆਪਣੇ ਫੇਸਬੁੱਕ ਪੇਜ 'ਤੇ ਜਾਰੀ ਕੀਤੇ ਇਕ ਵੀਡੀਓ 'ਚ ਕਿਹਾ, 'ਮੈਨੂੰ ਹਾਲ ਹੀ 'ਚ ਭਾਰਤ ਤੇ ਇੰਗਲੈਂਡ ਵਿਚਾਲੇ ਖੇਡੇ ਗਏ ਦੂਸਰੇ ਤੇ ਤੀਸਰੇ ਟੈਸਟ ਬਾਰੇ ਸਵਾਲ ਕੀਤੇ ਗਏ ਸਨ ਤੇ ਮੈਂ ਅਸਲ 'ਚ ਸਵਾਲਾਂ ਸਬੰਧੀ ਥੋੜਾ ਉਲਝਣ 'ਚ ਸੀ ਕਿਉਂਕਿ ਅਜਿਹਾ ਲੱਗਦਾ ਹੈ ਕਿ ਜਿਨ੍ਹਾਂ ਪਿੱਚਾਂ 'ਤੇ ਉਹ ਖੇਡ ਰਹੇ ਸਨ, ਉਨ੍ਹਾਂ ਨੂੰ ਲੈ ਕੇ ਕਾਫੀ ਰੋਣਾ-ਧੋਣਾ ਹੋਇਆ।

ਮੈਨੂੰ ਲੱਗਦਾ ਹੈ ਕਿ ਜੋ ਲੋਕ ਰੋ-ਧੋ ਰਹੇ ਹਨ ਉਨ੍ਹਾਂ ਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਅਜਿਹੇ ਸਮਾਂ ਵੀ ਹੁੰਦਾ ਹੈ ਜਦੋਂ ਸਾਨੂੰ ਤੇਜ਼ ਗੇਂਦਬਾਜ਼ਾਂ ਲਈ ਅਨੁਕੂਲ ਵਿਕਟ ਮਿਲਦਾ ਹੈ। ਗੇਂਦ ਅਸਲ 'ਚ ਗੁੱਡਲੈਂਥ ਤੋਂ ਤੇਜ਼ੀ ਨਾਲ ਉਛਾਲ ਲੈਂਦੀ ਹੈ ਤੇ ਹਰ ਕੋਈ ਉਦੋਂ ਸੋਚਦਾ ਹੈ ਕਿ ਇਹ ਬੱਲੇਬਾਜ਼ਾਂ ਨਾਲ ਜੁੜੀ ਸਮੱਸਿਆ ਹੈ।'

ਇਸ 68 ਸਾਲਾ ਖਿਡਾਰੀ ਨੇ ਕਿਹਾ ਕਿ ਭਾਰਤ 'ਚ ਖੇਡਣ ਦਾ ਮਤਲਬ ਹੈ ਕਿ ਤੁਹਾਨੂੰ ਚੰਗੇ ਸਪਿੰਨਰਾਂ ਦਾ ਸਾਹਮਣਾ ਕਰਨਾ ਪਵੇਗਾ ਤੇ ਲੱਗਦਾ ਹੈ ਕਿ ਇੰਗਲੈਂਡ ਨੇ ਦੌਰੇ ਤੋਂ ਪਹਿਲਾਂ ਚੰਗੀ ਤਰ੍ਹਾਂ ਨਾਲ ਤਿਆਰੀ ਨਹੀਂ ਕੀਤੀ। ਰਿਚਡਰਸ ਨੇ ਕਿਹਾ, 'ਪਰ ਹੁਣ ਤੁਸੀਂ ਦੂਸਰਾ ਪੱਖ ਦੇਖ ਚੁੱਕੇ ਹੋ ਤੇ ਇਸ ਲਈ ਇਸ ਨੂੰ ਟੈਸਟ ਮੈਚ ਕ੍ਰਿਕਟ ਦਾ ਨਾਂ ਦਿੱਤਾ ਗਿਆ ਹੈ ਕਿਉਂਕਿ ਇੱਥੇ ਮਾਨਸਿਕਤਾ ਤੇ ਇੱਛਾ-ਸ਼ਕਤੀ ਦੇ ਨਾਲ ਉਨ੍ਹਾਂ ਸਾਰੀਆਂ ਚੀਜ਼ਾਂ ਦੀ ਵੀ ਪ੍ਰਰੀਖਿਆ ਹੁੰਦੀ ਹੈ ਜਿਨ੍ਹਾਂ ਨਾਲ ਮੁਕਾਬਲੇ ਦੇ ਸਮੇਂ ਤੁਸੀਂ ਗੁਜਰਦੇ ਹੋ ਤੇ ਸ਼ਿਕਾਇਤਾਂ ਹੋ ਰਹੀਆਂ ਹਨ ਕਿ ਵਿਕਟ ਬਹੁਤ ਜ਼ਿਆਦਾ ਸਪਿੰਨ ਲੈ ਰਿਹਾ ਸੀ ਤੇ ਇਸੇ ਤਰ੍ਹਾਂ ਦੀਆਂ ਹੋਰ ਗੱਲਾਂ ਕੀਤੀਆਂ ਜਾ ਰਹੀਆਂ ਹਨ। ਇਹ ਸਿੱਕੇ ਦਾ ਦੂੁਸਰਾ ਪਹਿਲੂ ਹੈ। ਲੱਗਦਾ ਹੈ ਕਿ ਲੋਕ ਭੁੱਲ ਜਾਂਦੇ ਹਨ ਕਿ ਜਦੋਂ ਤੁਸੀਂ ਭਾਰਤ ਦੌਰੇ 'ਤੇ ਜਾਂਦੇ ਹੋ ਤਾਂ ਤੁਹਾਨੂੰ ਅਜਿਹੀ ਉਮੀਦ ਰੱਖਣੀ ਚਾਹੀਦੀ ਹੈ। ਤੁਸੀਂ ਅਜਿਹੇ ਦੇਸ਼ 'ਚ ਜਾ ਰਹੇ ਹੋ ਜਿੱਥੇ ਪਿੱਚਾਂ ਸਪਿੰਨਰਾਂ ਨੂੰ ਮਦਦ ਕਰਦੀਆਂ ਹਨ। ਤੁਹਾਨੂੰ ਅਸਲ 'ਚ ਇਸ ਲਈ ਖ਼ੁਦ ਨੂੰ ਤਿਆਰ ਕਰਨਾ ਚਾਹੀਦਾ ਹੈ।'

ਰਿਚਡਰਸ ਨੇ ਕਿਹਾ ਕਿ ਇੰਗਲੈਂਡ ਦੀ ਸੀਰੀਜ਼ ਦੇ ਸ਼ੁਰੂ 'ਚ ਵੱਡੀ ਜਿੱਤ ਤੋਂ ਬਾਅਦ ਭਾਰਤ ਨੇ ਉਸ ਨੂੰ ਉਸ ਦੀ ਆਰਾਮਦਾਇਕ ਸਥਿਤੀ ਤੋਂ ਬਾਹਰ ਕਰ ਦਿੱਤਾ। ਸਪਿੰਨ ਵੀ ਖੇਡ ਦਾ ਹਿੱਸਾ ਹੈ, ਟੈਸਟ ਮੈਚ 'ਚ ਇਹ ਸਭ ਹੁੰਦਾ ਹੈ। ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਪਿਛਲੇ ਕੁਝ ਸਾਲਾਂ 'ਚ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਹੁਣ ਤੁਸੀਂ ਭਾਰਤ 'ਚ ਹੋ, ਤਹਾਨੂੰ ਇਨ੍ਹਾਂ ਚੀਜ਼ਾਂ ਦਾ ਸਾਹਮਣਾ ਕਰਨਾ ਪਵੇਗਾ ਤੇ ਉਸ ਲਈ ਤਰੀਕਾ ਲੱਭਣਾ ਪਵੇਗਾ।

Posted By: Rajnish Kaur