ਕੋਲੰਬੋ (ਏਪੀ) : ਪਿਛਲੇ ਕਈ ਮਹੀਨਿਆਂ ਤੋਂ ਆਪਣੇ ਸਭ ਤੋਂ ਖ਼ਰਾਬ ਆਰਥਿਕ ਸੰਕਟ ਨਾਲ ਜੂਝ ਰਹੇ ਸ੍ਰੀਲੰਕਾ ਨੂੰ ਉਦੋਂ ਜਸ਼ਨ ਮਨਾਉਣ ਦਾ ਮੌਕਾ ਮਿਲਿਆ ਜਦੋਂ ਉਸ ਦੀ ਕ੍ਰਿਕਟ ਟੀਮ ਨੇ ਆਸਟ੍ਰੇਲੀਆ ਖ਼ਿਲਾਫ਼ ਚੌਥੇ ਵਨਡੇ ਮੈਚ 'ਚ ਆਖ਼ਰੀ ਗੇਂਦ 'ਤੇ ਚਾਰ ਦੌੜਾਂ ਨਾਲ ਜਿੱਤ ਦਰਜ ਕਰ ਕੇ ਪੰਜ ਮੈਚਾਂ ਦੀ ਸੀਰੀਜ਼ 'ਚ 3-1 ਨਾਲ ਅਜੇਤੂ ਬੜ੍ਹਤ ਹਾਸਲ ਕੀਤੀ।

ਸ੍ਰੀਲੰਕਾ ਦੀ ਟੀਮ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤੇ ਜਾਣ ਤੋਂ ਬਾਅਦ ਚਰਿਤ ਅਸਲੰਕਾ (110) ਦੇ ਸੈਂਕੜੇ ਤੇ ਧਨੰਜਯਾ ਡਿਸਿਲਵਾ (60) ਨਾਲ ਉਨ੍ਹਾਂ ਦੀ 101 ਦੌੜਾਂ ਦੀ ਭਾਈਵਾਲੀ ਦੇ ਬਾਵਜੂਦ 49 ਓਵਰਾਂ 'ਚ 258 ਦੌੜਾਂ 'ਤੇ ਆਊਟ ਹੋ ਗਈ। ਦਾਸੁਨ ਸ਼ਨਾਕਾ ਦੀ ਅਗਵਾਈ ਵਾਲੀ ਟੀਮ ਨੇ ਹਾਲਾਂਕਿ ਆਪਣੇ ਇਸ ਸਕੋਰ ਦਾ ਚੰਗੀ ਤਰ੍ਹਾਂ ਬਚਾਅ ਕੀਤਾ ਤੇ ਆਸਟ੍ਰੇਲੀਆ ਨੂੰ 254 ਦੌੜਾਂ 'ਤੇ ਆਊਟ ਕਰ ਦਿੱਤਾ। ਆਸਟ੍ਰੇਲੀਆ ਵੱਲੋਂ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ 99 ਦੌੜਾਂ ਬਣਾਈਆਂ ਜਦਕਿ ਪੈਟ ਕਮਿਨਸ ਨੇ 35 ਦੌੜਾਂ ਦਾ ਯੋਗਦਾਨ ਪਾਇਆ। ਬਾਕੀ ਬੱਲੇਬਾਜ਼ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ 'ਚ ਨਹੀਂ ਬਦਲ ਸਕੇ। ਸ੍ਰੀਲੰਕਾ ਲਈ ਧਨੰਜਯ ਡਿਸਿਲਵਾ, ਚਮਿਕਾ ਕਰੁਣਾਰਤਨੇ ਤੇ ਜੈਫਰ ਵੰਡਾਰਸੇ ਨੇ ਦੋ-ਦੋ ਵਿਕਟਾਂ ਲਈਆਂ। ਸ਼ਨਾਕਾ ਦੇ ਆਖ਼ਰੀ ਓਵਰ 'ਚ ਆਸਟ੍ਰੇਲੀਆ ਨੂੰ 19 ਦੌੜਾਂ ਚਾਹੀਦੀਆਂ ਸਨ। 10ਵੇਂ ਨੰਬਰ ਦੇ ਬੱਲੇਬਾਜ਼ ਮੈਥਿਊ ਕੁਹਨੇਮੈਨ (15) ਨੇ ਤਿੰਨ ਚੌਕੇ ਮਾਰੇ ਜਿਸ ਨਾਲ ਆਸਟ੍ਰੇਲੀਆ ਨੂੰ ਸੀਰੀਜ਼ 'ਚ ਬਣੇ ਰਹਿਣ ਲਈ ਆਖ਼ਰੀ ਗੇਂਦ 'ਤੇ ਪੰਜ ਦੌੜਾਂ ਦੀ ਲੋੜ ਸੀ ਪਰ ਕੁਹਨੇਮੈਨ ਨੇ ਧੀਮੀ ਰਫ਼ਤਾਰ ਦੀ ਗੇਂਦ ਨੂੰ ਹਵਾ 'ਚ ਉਛਾਲ ਦਿੱਤਾ ਤੇ ਕਵਰ 'ਚ ਅਸਲੰਕਾ ਨੂੰ ਕੈਚ ਦੇ ਦਿੱਤਾ।