ਕੋਲੰਬੋ (ਪੀਟੀਆਈ) : ਸ੍ਰੀਲੰਕਾ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਨੇ ਮੰਗਲਵਾਰ ਨੂੰ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈ ਲਿਆ। ਆਪਣੀ ਸਟੀਕ ਯਾਰਕਰ ਲਈ ਮਸ਼ਹੂਰ 38 ਸਾਲ ਦੇ ਮਲਿੰਗਾ 2014 ਵਿਚ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਸ੍ਰੀਲੰਕਾ ਦੀ ਟੀਮ ਦੇ ਕਪਤਾਨ ਰਹੇ। ਉਨ੍ਹਾਂ ਨੇ ਇੰਟਰਨੈੱਟ ਮੀਡੀਆ ’ਤੇ ਸੰਨਿਆਸ ਦਾ ਐਲਾਨ ਕੀਤਾ। ਮਲਿੰਗਾ ਨੇ ਟਵੀਟ ਕੀਤਾ ਕਿ ਟੀ-20 ਨੂੰ ਅਲਵਿਦਾ ਕਹਿ ਰਿਹਾ ਹਾਂ ਤੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈ ਰਿਹਾ ਹਾਂ। ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੀ ਯਾਤਰਾ ਦੌਰਾਨ ਮੇਰਾ ਸਮਰਥਨ ਕੀਤਾ। ਮਲਿੰਗਾ ਨੇ ਇਸ ਸਾਲ ਜਨਵਰੀ ਵਿਚ ਟੈਸਟ ਤੇ ਵਨ ਡੇ ਕ੍ਰਿਕਟ ਨੂੰ ਅਲਵਿਦਾ ਕਿਹਾ ਸੀ ਪਰ ਟੀ-20 ਅੰਤਰਰਾਸ਼ਟਰੀ ਮੁਕਾਬਲਿਆਂ ਲਈ ਖ਼ੁਦ ਨੂੰ ਉਪਲੱਬਧ ਰੱਖਿਆ ਸੀ। ਪਿਛਲੇ ਸਾਲ ਮਲਿੰਗਾ ਨੇ ਟੀ-20 ਵਿਸ਼ਵ ਕੱਪ ਵਿਚ ਸ੍ਰੀਲੰਕਾ ਦੀ ਅਗਵਾਈ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ ਜੋ ਟੂਰਨਾਮੈਂਟ ਅਕਤੂਬਰ-ਨਵੰਬਰ 2020 ਵਿਚ ਆਸਟ੍ਰੇਲੀਆ ਵਿਚ ਹੋਣਾ ਸੀ ਪਰ ਕੋਵਿਡ-19 ਕਾਰਨ ਟੂਰਨਾਮੈਂਟ ਮੁਲਤਵੀ ਹੋ ਗਿਆ ਤੇ ਹੁਣ ਟੀ-20 ਵਿਸ਼ਵ ਕੱਪ ਅਗਲੇ ਮਹੀਨੇ ਦੁਬਈ ਤੇ ਓਮਾਨ ਵਿਚ ਹੋਵੇਗਾ। ਰਾਸ਼ਟਰੀ ਟੀਮ ਤੇ ਆਈਪੀਐੱਲ ਟੀਮ ਮੁੰਬਈ ਇੰਡੀਅਨਜ਼ ਸਮੇਤ ਜਿਨ੍ਹਾਂ ਫਰੈਂਚਾਈਜ਼ੀਆਂ ਲਈ ਉਹ ਖੇਡੇ ਉਨ੍ਹਾਂ ਦਾ ਧੰਵਨਾਦ ਕਰਦੇ ਹੋਏ ਮਲਿੰਗਾ ਨੇ ਕਿਹਾ ਕਿ ਮੈਂ ਅਗਲੇ ਸਾਲਾਂ ਵਿਚ ਨੌਜਵਾਨਾਂ ਦੀ ਮਦਦ ਕਰਨ ਤੇ ਉਨ੍ਹਾਂ ਦਾ ਮਾਰਗਦਰਸ਼ਨ ਕਰਨ ਨੂੰ ਲੈ ਕੇ ਉਤਸ਼ਾਹਤ ਹਾਂ। ਮੈਂ ਟੀ-20 ਤੋਂ ਪੂਰੀ ਤਰ੍ਹਾਂ ਆਰਾਮ ਲੈਣਾ ਚਾਹੁੰਦਾ ਹਾਂ। ਮੈਂ ਕ੍ਰਿਕਟ ਨਹੀਂ ਖੇਡਾਂਗਾ ਪਰ ਖੇਡ ਪ੍ਰਤੀ ਮੇਰਾ ਪਿਆਰ ਕਦੀ ਖ਼ਤਮ ਨਹੀਂ ਹੋਵੇਗਾ।

Posted By: Jatinder Singh