ਪੱਲੇਕਲ (ਏਪੀ) : ਆਪਣਾ ਪਹਿਲਾ ਮੈਚ ਖੇਡ ਰਹੇ ਪ੍ਰਵੀਨ ਜੈਵਿਕਰਮ ਦੀਆਂ ਮੈਚ 'ਚ 11 ਵਿਕਟਾਂ ਦੀ ਬਦੌਲਤ ਸ੍ਰੀਲੰਕਾ ਨੇ ਸੋਮਵਾਰ ਨੂੰ ਦੂਸਰੇ ਟੈਸਟ ਮੈਚ 'ਚ ਬੰਗਲਾਦੇਸ਼ ਨੂੰ 209 ਦੌੜਾਂ ਨਾਲ ਹਰਾ ਕੇ ਟੈਸਟ ਸੀਰੀਜ਼ 1-0 ਨਾਲ ਜਿੱਤ ਲਈ। ਸ੍ਰੀਲੰਕਾ ਨੂੁੰ ਜਿੱਤ ਲਈ ਆਖ਼ਰੀ ਦਿਨ ਪੰਜ ਵਿਕਟਾਂ ਦੀ ਜ਼ਰੂਰਤ ਸੀ ਅਤੇ ਜੈਵਿਕਰਮ ਨੇ ਇਨ੍ਹਾਂ 'ਚੋਂ ਤਿੰਨ ਵਿਕਟਾਂ ਲਈਆਂ। ਖੱਬੇ ਹੱਥ ਦੇ ਇਸ ਸਪਿੰਨਰ ਨੇ ਮੈਚ 'ਚ 178 ਦੌੜਾਂ ਦੇ ਕੇ 11 ਵਿਕਟਾਂ ਲਈਆਂ।

ਡੈਬਿਊ ਕਰਦੇ ਹੋਏ ਇਹ ਕਿਸੇ ਟੈਸਟ ਗੇਂਦਬਾਜ਼ ਦਾ 10ਵਾਂ ਸਰਬੋਤਮ ਪ੍ਰਦਰਸ਼ਨ ਹੈ। ਇਹ ਕਿਸੇ ਸ੍ਰੀਲੰਕਾਈ ਗੇਂਦਬਾਜ਼ ਦਾ ਡੈਬਿਊ ਕਰਦੇ ਹੋਏ ਸਰਬੋਤਮ ਪ੍ਰਦਰਸ਼ਨ ਹੈ। ਜੈਵਿਕਰਮ ਨੇ ਅਕਿਲਾ ਧਨੰਜਯ ਨੂੰ ਪਿੱਛੇ ਛੱਡਿਆ ਜਿਨ੍ਹਾਂ ਨੇ ਤਿੰਨ ਸਾਲ ਪਹਿਲਾਂ ਬੰਗਲਾਦੇਸ਼ ਖ਼ਿਲਾਫ਼ 44 ਦੌੜਾਂ ਦੇ ਕੇ ਅੱਠ ਵਿਕਟਾਂ ਲਈਆਂ ਸਨ। ਬੰਗਲਾਦੇਸ਼ ਨੇ 437 ਦੌੜਾਂ ਦੇ ਟੀਚਾ ਦਾ ਪਿੱਛਾ ਕਰਦੇ ਹੋਏ ਆਪਣੀਆਂ ਆਖਰੀ ਤਿੰਨ ਵਿਕਟਾਂ ਅੱਠ ਗੇਂਦਾਂ 'ਚ ਗਵਾ ਦਿੱਤੀਆਂ ਜਿਸ ਨਾਲ ਟੀਮ ਦੂਸਰੀ ਪਾਰੀ 'ਚ 227 ਦੌੜਾਂ 'ਤੇ ਸਿਮਟ ਗਈ।

ਸਵੇਰੇ ਦੂਸਰੇ ਓਵਰ 'ਚ ਹੀ ਮੈਨ ਆਫ ਦਿ ਮੈਚ ਜੈਵਿਕਰਮ ਨੇ ਲਿਟਨ ਦਾਸ (17) ਨੂੰ ਐੱਲਬੀਡਬਲਯੂ ਕੀਤਾ ਅਤੇ ਫਿਰ ਤਿੰਨ ਗੇਂਦਾਂ ਦੇ ਅੰਦਰ ਆਖ਼ਰੀ ਦੋ ਵਿਕਟਾਂ ਲੈ ਕੇ ਪਾਰੀ 'ਚ 86 ਦੌੜਾਂ ਦੇ ਪੰਜ ਵਿਕਟਾਂ ਲਈਆਂ। ਖੱਬੇ ਹੱਥ ਦੇ ਇਸ ਫਿਰਕੀ ਗੇਂਦਬਾਜ਼ ਨੇ ਪਹਿਲੀ ਪਾਰੀ 'ਚ ਵੀ 92 ਦੌੜਾਂ ਦੇ ਕੇ ਛੇ ਵਿਕਟਾਂ ਲਈਆਂ ਸਨ। ਆਫ ਸਪਿੰਨਰ ਰਮੇਸ਼ ਮੈਂਡਿੰਸ ਨੇ ਵੀ 103 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਸ੍ਰੀਲੰਕਾ ਦੇ ਕਪਤਾਨ ਦਿਮੁਥ ਕਰੂਣਾਰਤਨੇ ਨੂੰ ਤਿੰਨ ਪਾਰੀਆਂ 'ਚ ਦੋਹਰੇ ਸੈਂਕੜੇ, ਸੈਂਕੜੇ ਅਤੇ ਅਰਧ ਸੈਂਕੜੇ ਸਮੇਤ 428 ਦੌੜਾਂ ਬਣਾਉਣ ਲਈ ਸੀਰੀਜ਼ ਦਾ ਸਰਬੋਤਮ ਖਿਡਾਰੀ ਚੁਣਿਆ ਗਿਆ।