ਕੋਲੰਬੋ (ਏਜੰਸੀ) : ਹੇਠਲੇ ਨੰਬਰ ਦੇ ਬੱਲੇਬਾਜ਼ ਵਾਨਿੰਦੂ ਹਸਰੰਗਾ ਦੀ ਅਜੇਤੂ 42 ਦੌੜਾਂ ਦੀ ਪਾਰੀ ਦੀ ਮਦਦ ਨਾਲ ਸ੍ਰੀਲੰਕਾ ਨੇ ਸ਼ਨਿਚਰਵਾਰ ਨੂੰ ਇੱਥੇ ਵੈਸਟਇੰਡੀਜ਼ ਦੇ ਸ਼ਾਈ ਹੋਪ ਦੀ ਸੈਂਕੜੇ ਵਾਲੀ ਪਾਰੀ 'ਤੇ ਪਾਣੀ ਫੇਰ ਕੇ ਪਹਿਲੇ ਇਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਇਕ ਵਿਕਟ ਨਾਲ ਰੋਮਾਂਚਕ ਜਿੱਤ ਦਰਜ ਕੀਤੀ। ਸ੍ਰੀਲੰਕਾ ਸਾਹਮਣੇ 290 ਦੌੜਾਂ ਦਾ ਟੀਚਾ ਸੀ ਪਰ ਕਪਤਾਨ ਦਿਮੁਥ ਕਰੁਣਾਰਤਨੇ (52) ਤੇ ਅਵਿਸ਼ਕਾ ਫਰਨਾਂਡੋ (50) ਤੋਂ ਮਿਲੀ ਚੰਗੀ ਸ਼ੁਰੂਆਤ ਦੇ ਬਾਵਜੂਦ ਟੀਮ ਇਕ ਸਮੇਂ ਮੁਸ਼ਕਲ ਵਿਚ ਸੀ। ਇਸ ਕਾਰਨ ਅੱਠਵੇਂ ਨੰਬਰ ਦੇ ਬੱਲੇਬਾਜ਼ ਹਸਰੰਗਾ ਨੇ 39 ਗੇਂਦਾਂ 'ਤੇ ਚਾਰ ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ ਖੇਡੀ ਗਈ ਆਪਣੀ ਅਜੇਤੂ ਪਾਰੀ ਨਾਲ ਸ੍ਰੀਲੰਕਾ ਨੂੰ ਤਿੰਨ ਮੈਚਾਂ ਦੀ ਲੜੀ ਵਿਚ 1-0 ਨਾਲ ਬੜ੍ਹਤ ਦਿਵਾਈ। ਇਸ ਤੋਂ ਪਹਿਲਾਂ ਵੈਸਟਇੰਡੀਜ਼ ਨੇ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਸੱਤ ਵਿਕਟਾਂ 'ਤੇ 289 ਦੌੜਾਂ ਬਣਾਈਆਂ ਸਨ। ਉਸ ਦੀ ਪਾਰੀ ਦਾ ਆਕਰਸ਼ਣ ਹੋਪ ਦੀ 115 ਦੌੜਾਂ ਦੀ ਪਾਰੀ ਰਹੀ ਜੋ ਵਨ ਡੇ ਵਿਚ ਉਨ੍ਹਾਂ ਦਾ ਅੱਠਵਾਂ ਸੈਂਕੜਾ ਹੈ। ਉਨ੍ਹਾਂ ਤੋਂ ਇਲਾਵਾ ਰੋਸਟਨ ਚੇਜ਼ ਨੇ 41 ਤੇ ਡੇਰੇਨ ਬਰਾਵੋ ਨੇ 39 ਦੌੜਾਂ ਦਾ ਯੋਗਦਾਨ ਦਿੱਤਾ। ਸ੍ਰੀਲੰਕਾ ਵੱਲੋਂ ਇਸੁਰੂ ਉਦਾਨਾ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ ਪਰ ਇਸ ਲਈ ਉਨ੍ਹਾਂ ਨੇ 82 ਦੌੜਾਂ ਖ਼ਰਚ ਕੀਤੀਆਂ।

ਲੜਖੜਾਉਣ ਤੋਂ ਬਾਅਦ ਸੰਭਲੀ ਮੇਜ਼ਬਾਨ ਟੀਮ

ਸ੍ਰੀਲੰਕਾ ਵੱਲੋਂ ਕਰੁਣਾਰਤਨੇ ਤੇ ਫਰਨਾਂਡੇ ਨੇ ਪਹਿਲੀ ਵਿਕਟ ਲਈ 111 ਦੌੜਾਂ ਜੋੜੀਆਂ। ਤੀਜੇ ਨੰਬਰ ਦੇ ਬੱਲੇਬਾਜ਼ ਕੁਸਲ ਪਰੇਰਾ ਨੇ ਵੀ 42 ਦੌੜਾਂ ਬਣਾਈਆਂ ਪਰ ਮੱਧ ਕ੍ਰਮ ਲੜਖੜਾਉਣ ਨਾਲ ਇਕ ਸਮੇਂ ਸ੍ਰੀਲੰਕਾ ਦੀ ਟੀਮ ਬੈਕਫੁੱਟ 'ਤੇ ਚਲੀ ਗਈ ਸੀ। ਅਜਿਹੇ ਸਮੇਂ ਹਸਰੰਗਾ ਤੋਂ ਇਲਾਵਾ ਤਿਸਾਰਾ ਪਰੇਰਾ ਦੀ 32 ਦੌੜਾਂ ਦੀ ਪਾਰੀ ਉਪਯੋਗੀ ਸਾਬਤ ਹੋਈ। ਹੋਪ ਨੇ ਸੈਂਕੜਾ ਲਾਉਣ ਤੋਂ ਇਲਾਵਾ ਵਿਕਟਕੀਪਰ ਵਜੋਂ ਚਾਰ ਕੈਚ ਵੀ ਲਏ ਪਰ ਉਨ੍ਹਾਂ ਦੀ ਕੋਸ਼ਿਸ਼ ਟੀਮ ਨੂੰ ਜਿੱਤ ਨਾ ਦਿਵਾ ਸਕੀ। ਅਲਜ਼ਾਰੀ ਜੋਸਫ ਨੇ 42 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਦੂਜਾ ਮੈਚ ਬੁੱਧਵਾਰ ਨੂੰ ਹੰਬਨਟੋਟਾ ਵਿਚ ਖੇਡਿਆ ਜਾਵੇਗਾ।