ਜੋਹਾਨਸਬਰਗ (ਪੀਟੀਆਈ) : ਦੱਖਣੀ ਅਫਰੀਕਾ ਦੇ ਕ੍ਰਿਕਟਰਾਂ ਦੇ ਅਗਲੇ ਹਫਤੇ ਟ੍ਰੇਨਿੰਗ ਸ਼ੁਰੂ ਕਰਨ ਦੀ ਸੰਭਾਵਨਾ ਹੈ ਤੇ ਉਹ ਇਸ ਮਹੀਨੇ ਪ੍ਰਦਰਸ਼ਨੀ ਮੈਚ ਵਿਚ ਵੀ ਹਿੱਸਾ ਲੈ ਸਕਦੇ ਹਨ, ਬਸ਼ਰਤੇ ਸਰਕਾਰ ਤੋਂ ਇਸ ਦੀ ਮਨਜ਼ੂਰੀ ਮਿਲ ਜਾਵੇ। ਆਊਟਡੋਰ ਟ੍ਰੇਨਿੰਗ ਨੂੰ ਦੁਬਾਰਾ ਸ਼ੁਰੂ ਕਰਨ ਦੀ ਸੰਭਾਵਨਾ ਵਧ ਗਈ ਹੈ ਜਦ ਦੇਸ਼ ਸੋਮਵਾਰ ਨੂੰ ਪੰਜ ਗੇੜ ਦੇ ਲਾਕਡਾਊਨ ਦੇ ਲੈਵਲ ਤਿੰਨ 'ਤੇ ਪੁੱਜ ਗਿਆ। ਲਾਕਡਾਊਨ ਦੇ ਲੈਵਲ ਤਿੰਨ ਵਿਚ ਗ਼ੈਰ ਸੰਪਰਕ ਵਾਲੀਆਂ ਪੇਸ਼ੇਵਰ ਖੇਡਾਂ ਨੂੰ ਦੇਸ਼ ਦੇ ਖੇਡ ਮੰਤਰਾਲੇ ਤੋਂ ਮਨਜ਼ੂਰੀ ਮਿਲਣ 'ਤੇ ਟ੍ਰੇਨਿੰਗ ਤੇ ਮੈਚ ਦੁਬਾਰਾ ਸ਼ੁਰੂ ਕਰਨ ਦੀ ਇਜਾਜ਼ਤ ਹੈ। ਦੱਖਣੀ ਅਫਰੀਕਾ ਦੀਆਂ ਖੇਡ ਸੰਸਥਾਵਾਂ ਨੇ ਸਰਕਾਰ ਦੇ ਸਾਹਮਣੇ ਮੰਗ ਰੱਖੀ ਹੈ ਜਿਸ ਵਿਚ ਕ੍ਰਿਕਟ ਦੱਖਣੀ ਅਫਰੀਕਾ (ਸੀਐੱਸਏ) ਵੀ ਸ਼ਾਮਲ ਹੈ। ਇਸ ਵਿਚ ਟ੍ਰੇਨਿੰਗ ਦੁਬਾਰਾ ਸ਼ੁਰੂ ਕਰਨ ਲਈ ਆਪਣੇ ਸਟੈਂਡਰਡ ਆਪਰੇਟਿੰਗ ਪ੍ਰਾਸੀਜਰ ਦਾ ਜ਼ਿਕਰ ਕੀਤਾ ਗਿਆ ਹੈ। ਖੇਡ ਨੂੰ ਦੁਬਾਰਾ ਸ਼ੁਰੂ ਕਰਨ ਲਈ ਪੜਾਅਵਾਰ ਪ੍ਰਕਿਰਿਆ ਦੇ ਤਹਿਤ ਸੀਐੱਸਏ ਚਾਹੁੰਦਾ ਹੈ ਕਿ ਸਭ ਤੋਂ ਪਹਿਲਾਂ ਆਈਸੀਸੀ ਦੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਫਰੈਂਚਾਈਜ਼ੀ ਕ੍ਰਿਕਟਰਾਂ ਦੀ ਮੈਦਾਨ 'ਤੇ ਵਾਪਸੀ ਹੋਵੇ।