ਹਿਤੇਸ਼ ਸਿੰਘ, ਲਖਨਊ : ਲਖਨਊ ਵਿਚ ਲਗਾਤਾਰ ਦੋ ਦਿਨਾਂ ਤੋਂ ਬਾਰਿਸ਼ ਹੋਣ ਨਾਲ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਪਹਿਲਾ ਵਨ ਡੇ ਮੈਚ ਹੋਣ ’ਤੇ ਸ਼ੱਕ ਸੀ ਪਰ ਦੋ ਘੰਟੇ 15 ਮਿੰਟ ਬਾਅਦ ਅੰਪਾਇਰ ਨੇ ਜਿਵੇਂ ਹੀ ਟਾਸ ਕਰਵਾਇਆ ਤਾਂ ਵੀਹ ਦਿਨਾਂ ਤੋਂ ਟਿਕਟ ਖ਼ਰੀਦ ਕੇ ਬੈਠੇ ਦਰਸ਼ਕਾਂ ਦੇ ਚਿਹਰੇ ਖਿੜ ਗਏ। ਬਾਰਿਸ਼ ਕਾਰਨ 40 ਓਵਰਾਂ ਦੇ ਇਸ ਮੁਕਾਬਲੇ ਵਿਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਭਾਰਤ ਹੱਥੋਂ ਟੀ-20 ਸੀਰੀਜ਼ 2-1 ਨਾਲ ਗੁਆਉਣ ਤੋਂ ਬਾਅਦ ਵਨ ਡੇ ਸੀਰੀਜ਼ ’ਤੇ ਨਜ਼ਰਾਂ ਲਾਈ ਬੈਠੀ ਦੱਖਣੀ ਅਫਰੀਕਾ ਦੀ ਟੀਮ ਨੇ 40 ਓਵਰਾਂ ਵਿਚ ਚਾਰ ਵਿਕਟਾਂ ਦੇ ਨੁਕਸਾਨ ’ਤੇ 249 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਜਵਾਬ ’ਚ ਭਾਰਤੀ ਟੀਮ ਸ਼੍ਰੇਅਸ ਅਈਅਰ (50), ਸੰਜੂ ਸੈਮਸਨ (ਅਜੇਤੂ 86) ਤੇ ਸ਼ਾਰਦੁਲ ਠਾਕੁਰ (33) ਦੀਆਂ ਵਧੀਆ ਪਾਰੀਆਂ ਦੇ ਬਾਵਜੂਦ ਅੱਠ ਵਿਕਟਾਂ ’ਤੇ 240 ਦੌੜਾਂ ਹੀ ਬਣਾ ਸਕੀ ਤੇ ਨੌਂ ਦੌੜਾਂ ਨਾਲ ਮੈਚ ਗੁਆ ਬੈਠੀ।

ਇਸ ਤੋਂ ਪਹਿਲਾਂ ਲਖਨਊ ਵਿਚ ਡਿਕਾਕ ਨੇ ਸ਼ਾਨਦਾਰ ਪਾਰੀ ਖੇਡੀ। ਉਨ੍ਹਾਂ ਨੇ 54 ਗੇਂਦਾਂ ਵਿਚ ਪੰਜ ਚੌਕਿਆਂ ਦੀ ਮਦਦ ਨਾਲ 48 ਦੌੜਾਂ ਬਣਾਈਆਂ। ਉਥੇ ਯਾਨੇਮਨ ਮਲਾਨ ਨੇ 42 ਗੇਂਦਾਂ ’ਤੇ ਤਿੰਨ ਚੌਕਿਆਂ ਦੀ ਮਦਦ ਨਾਲ 22 ਦੌੜਾਂ ਬਣਾਈਆਂ। ਕਪਤਾਨ ਤੇਂਬਾ ਬਾਵੁਮਾ ਨੂੰ ਸ਼ਾਰਦੁਲ ਨੇ ਅੱਠ ਦੌੜਾਂ ’ਤੇ ਹੀ ਬੋਲਡ ਕਰ ਦਿੱਤਾ। ਰਵੀ ਬਿਸ਼ਨੋਈ ਦੀ ਗੇਂਦ ਤੇ ਕਵਿੰਟਨ ਡਿਕਾਕ 23ਵੇਂ ਓਵਰ ਦੀ ਦੂਜੇ ਗੇਂਦ ’ਤੇ ਲੱਤ ਅੜਿੱਕਾ ਹੋ ਗਏ। ਡੇਵਿਡ ਮਿਲਰ ਦਾ ਏਸ਼ੀਆ ਵਿਚ ਟੀ-20 ਅੰਤਰਰਾਸ਼ਟਰੀ ਵਿਚ ਚੰਗਾ ਰਿਕਾਰਡ ਹੈ ਪਰ ਉਨ੍ਹਾਂ ਦਾ ਵਨ ਡੇ ਔਸਤ ਸਿਰਫ਼ 22.4 ਤੇ ਸਟ੍ਰਾਈਕ ਰੇਟ 86 ਦਾ ਹੈ। ਉਨ੍ਹਾਂ ਦਾ ਏਸ਼ੀਆ ਵਿਚ 22.4 ਦਾ ਵਨ ਡੇ ਔਸਤ ਕਿਸੇ ਵੀ ਦੱਖਣੀ ਅਫਰੀਕੀ ਬੱਲੇਬਾਜ਼ ਦਾ ਦੂਜਾ ਸਭ ਤੋਂ ਖ਼ਰਾਬ ਔਸਤ ਹੈ। ਭਾਰਤ ਖ਼ਿਲਾਫ਼ ਮਿਲਰ ਦਸ ਵਾਰ ਦਹਾਈ ਦੇ ਅੰਕੜੇ ਤਕ ਨਹੀਂ ਪੁੱਜ ਸਕੇ ਹਨ ਜਿਸ ਵਿਚ ਚਾਰ ਵਾਰ ਉਹ ਜ਼ੀਰੋ ’ਤੇ ਆਊਟ ਹੋਏ ਹਨ ਪਰ ਲਖਨਊ ਵਿਚ ਉਨ੍ਹਾਂ ਨੇ 63 ਗੇਂਦਾਂ ਵਿਚ ਅਜੇਤੂ 75 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਉਨ੍ਹਾਂ ਦਾ ਸਾਥ ਦਿੰਦੇ ਹੋਏ ਹੈਨਰਿਕ ਕਲਾਸੇਨ ਨੇ ਵੀ ਅਜੇਤੂ 74 ਦੌੜਾਂ ਬਣਾਈਆਂ।

Posted By: Gurinder Singh