ਕੋਲਕਾਤਾ (ਪੀਟੀਆਈ) : ਕ੍ਰਿਕਟ ਆਸਟ੍ਰੇਲੀਆ 2021 ਵਿਚ ਭਾਰਤੀ ਟੀਮ ਦੇ ਆਸਟ੍ਰੇਲੀਆ ਦੌਰੇ 'ਤੇ ਬੀਸੀਸੀਆਈ ਤੋਂ ਇਕ ਤੋਂ ਜ਼ਿਆਦਾ ਡੇ-ਨਾਈਟ ਟੈਸਟ ਖੇਡਣ ਦੀ ਬੇਨਤੀ ਕਰੇਗਾ ਜਦ ਦੋਵਾਂ ਬੋਰਡ ਦੇ ਅਧਿਕਾਰੀ ਅਗਲੇ ਸਾਲ ਜਨਵਰੀ ਵਿਚ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਦੌਰਾਨ ਮਿਲਣਗੇ। ਹਾਲਾਂਕਿ ਬੀਸੀਸੀਆਈ ਮੁਖੀ ਸੌਰਵ ਗਾਂਗੁਲੀ ਨੇ ਕਿਹਾ ਕਿ ਅਜਿਹਾ ਪ੍ਰਸਤਾਵ 'ਕੁਝ ਜ਼ਿਆਦਾ ਹੀ' ਹੋ ਜਾਵੇਗਾ। ਕੋਲਕਾਤਾ 'ਚ ਬੰਗਲਾਦੇਸ਼ ਖ਼ਿਲਾਫ਼ ਡੇ-ਨਾਈਟ ਦੇ ਪਹਿਲੇ ਟੈਸਟ ਵਿਚ ਭਾਰਤ ਦੀ ਜਿੱਤ ਤੋਂ ਬਾਅਦ ਤੋਂ ਕ੍ਰਿਕਟ ਆਸਟ੍ਰੇਲੀਆ ਇਸ ਪ੍ਰਸਤਾਵ ਨੂੰ ਲੈ ਕੇ ਉਤਸ਼ਾਹਤ ਹੈ। ਕ੍ਰਿਕਟ ਆਸਟ੍ਰੇਲੀਆ ਦੇ ਪ੍ਰਧਾਨ ਅਰਲ ਏਡਿੰਗਜ਼ ਦੀ ਅਗਵਾਈ ਵਿਚ ਇਕ ਵਫ਼ਦ 14 ਜਨਵਰੀ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਦੌਰਾਨ ਬੀਸੀਸੀਆਈ ਅਧਿਕਾਰੀਆਂ ਨੂੰ ਮਿਲੇਗਾ। ਏਡਿੰਗਜ਼ ਨੇ ਕਿਹਾ ਕਿ ਭਾਰਤ ਨੇ ਡੇ-ਨਾਈਟ ਦਾ ਪਹਿਲਾ ਟੈਸਟ ਖੇਡ ਲਿਆ ਹੈ। ਹੁਣ ਉਹ ਇਸ ਲਈ ਤਿਆਰ ਹੋਣਗੇ। ਮੈਨੂੰ ਯਕੀਨ ਹੈ ਕਿ ਉਹ ਡੇ-ਨਾਈਟ ਦੇ ਹੋਰ ਟੈਸਟ ਖੇਡਣਗੇ। ਸਾਨੂੰ ਜਨਵਰੀ ਵਿਚ ਇਸ ਦੀ ਉਡੀਕ ਰਹੇਗੀ। ਗਾਂਗੁਲੀ ਨੇ ਹਾਲਾਂਕਿ ਕਿਹਾ ਕਿ ਅਜੇ ਤਕ ਕ੍ਰਿਕਟ ਆਸਟ੍ਰੇਲੀਆ ਨੇ ਸਾਨੂੰ ਕੁਝ ਕਿਹਾ ਨਹੀਂ ਹੈ। ਚਾਰ ਵਿਚੋਂ ਦੋ ਟੈਸਟ ਡੇ-ਨਾਈਟ ਖੇਡਣਾ ਕੁਝ ਜ਼ਿਆਦਾ ਹੋ ਜਾਵੇਗਾ। ਇਹ ਰਵਾਇਤੀ ਟੈਸਟ ਮੈਚਾਂ ਦੀ ਥਾਂ ਨਹੀਂ ਲੈ ਸਕਦਾ ਪਰ ਹਰ ਸੀਰੀਜ਼ ਵਿਚ ਇਕ ਮੈਚ ਅਜਿਹਾ ਹੋ ਸਕਦਾ ਹੈ। ਏਡਿੰਗਜ਼ ਨੇ ਕਿਹਾ ਕਿ ਕ੍ਰਿਕਟ ਆਸਟ੍ਰੇਲੀਆ ਚਾਹੁੰਦਾ ਹੈ ਕਿ ਬੀਸੀਸੀਆਈ ਅਗਲੀ ਸੀਰੀਜ਼ ਵਿਚ ਇਕ ਹੋਰ ਟੈਸਟ ਜੋੜੇ। ਇਸ ਤੋਂ ਇਲਾਵਾ ਸੌਰਵ ਗਾਂਗੁਲੀ ਨੇ ਕਿਹਾ ਕਿ ਧੋਨੀ ਤਕ ਪੁੱਜਣ ਵਿਚ ਪੰਤ ਨੂੰ 15 ਸਾਲ ਲੱਗਣਗੇ। ਇਕ ਹੋਰ ਸਵਾਲ ਦੇ ਜਵਾਬ ਵਿਚ ਸੌਰਵ ਗਾਂਗੁਲੀ ਨੇ ਮੁੱਖ ਕੋਚ ਰਵੀ ਸ਼ਾਸਤਰੀ ਦੇ ਨਾਲ ਮਤਭੇਦਾਂ ਦੀਆਂ ਕਿਆਸ ਅਰਾਈਆਂ ਨੂੰ ਅਫ਼ਵਾਹ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਵਿਚ ਲੋਕਾਂ ਨੂੰ ਪਰਖਣ ਦਾ ਮਾਪਦੰਡ ਸਿਰਫ਼ ਪ੍ਰਦਰਸ਼ਨ ਹੋਵੇਗਾ।