ਕੋਲਕਾਤਾ (ਪੀਟੀਆਈ) : ਵਿਕਟਾਂ ਦੇ ਅੱਗੇ ਤੇ ਪਿੱਛੇ ਸੰਘਰਸ਼ ਕਰ ਰਹੇ ਰਿਸ਼ਭ ਪੰਤ ਦਾ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੇ ਸਮਰਥਨ ਕਰਦੇ ਹੋਏ ਕਿਹਾ ਕਿ ਇਹ ਵਿਕਟਕੀਪਰ ਬੱਲੇਬਾਜ਼ ਸ਼ਾਨਦਾਰ ਖਿਡਾਰੀ ਹੈ ਤੇ ਸਮੇਂ ਦੇ ਨਾਲ ਉਨ੍ਹਾਂ ਦੀ ਖੇਡ ਵਿਚ ਨਿਖ਼ਾਰ ਆਵੇਗਾ। ਨਿੰਦਾ ਦਾ ਸਾਹਮਣਾ ਕਰ ਰਹੇ ਪੰਤ ਨੇ ਇੰਗਲੈਂਡ ਤੇ ਆਸਟ੍ਰੇਲੀਆ ਵਿਚ ਸੈਂਕੜਾ ਲਾ ਕੇ ਆਪਣੇ ਟੈਸਟ ਕਰੀਅਰ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਸੀ ਪਰ ਪਿਛਲੇ ਕੁਝ ਸਮੇਂ ਤੋਂ ਉਹ ਭਾਰਤੀ ਟੀਮ ਵਿਚ ਆਪਣਾ ਸਥਾਨ ਕਾਇਮ ਰੱਖਣ ਲਈ ਜੂਝ ਰਹੇ ਹਨ। ਉਨ੍ਹਾਂ ਦੇ ਨਾਲ ਅਜਿਹਾ ਬੱਲੇਬਾਜ਼ੀ ਤੋਂ ਇਲਾਵਾ ਸਟੰਪ ਦੇ ਪਿੱਛੇ ਉਨ੍ਹਾਂ ਦੇ ਖ਼ਰਾਬ ਪ੍ਰਦਰਸ਼ਨ ਕਾਰਨ ਵੀ ਹੋ ਰਿਹਾ ਹੈ।

ਗਾਂਗੁਲੀ ਤੋਂ ਜਦ ਪੁੱਛਆ ਗਿਆ ਕਿ ਕੀ ਉਨ੍ਹਾਂ ਨੂੰ ਵਿਕਟਾਂ ਦੇ ਪਿੱਛੇ ਮਹਿੰਦਰ ਸਿੰਘ ਦੀ ਘਾਟ ਮਹਿਸੂਸ ਹੋ ਰਹੀ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਰਿਸ਼ਭ ਪੰਤ ਬਿਹਤਰੀਨ ਬੱਲੇਬਾਜ਼ ਤੇ ਵਿਕਟਕੀਪਰ ਹੈ। ਉਨ੍ਹਾਂ ਨੂੰ ਥੋੜ੍ਹਾ ਸਮਾਂ ਦੇਣ ਦੀ ਲੋੜ ਹੈ। ਉਹ ਜਲਦੀ ਹੀ ਚੰਗਾ ਪ੍ਰਦਸ਼ਨ ਕਰਨਗੇ। ਉਨ੍ਹਾਂ ਨੂੰ ਹਰ ਮੈਚ ਨਾਲ ਤਜਰਬਾ ਹਾਸਲ ਹੋ ਰਿਹਾ ਹੈ ਪਰ ਉਨ੍ਹਾਂ ਨੂੰ ਵਾਜਬ ਸਮਾਂ ਦਿੱਤੇ ਜਾਣ ਦੀ ਲੋੜ ਹੈ।