ਕੋਲਕਾਤਾ (ਜੇਐੱਨਐੱਨ) : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਅਗਲੇ ਪ੍ਰਧਾਨ ਬਣਨ ਜਾ ਰਹੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦਾ ਮੰਗਲਵਾਰ ਸ਼ਾਮ ਕੋਲਕਾਤਾ ਮੁੜਨ 'ਤੇ ਈਡਨ ਗਾਰਡਨ ਸਟੇਡੀਅਮ ਮੌਜੂਦ ਬੰਗਾਲ ਕ੍ਰਿਕਟ ਸੰਘ (ਕੈਬ) ਦੇ ਮੁੱਖ ਦਫਤਰ ਵਿਚ ਸ਼ਾਨਦਾਰ ਸਵਾਗਤ ਕੀਤਾ ਗਿਆ। ਸੌਰਵ ਲਈ ਈਡਨ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਸੀ। ਸਟੇਡੀਅਮ ਦੇ ਕਲੱਬ ਹਾਊਸ ਦੇ ਗੇਟ 'ਤੇ ਫੁੱਲਾਂ ਦਾ ਦਰਵਾਜ਼ਾ ਤਿਆਰ ਕੀਤਾ ਗਿਆ ਸੀ। ਐੱਲਈਡੀ ਲਾਈਟ ਲਾਈਆਂ ਗਈਆਂ ਸਨ। ਕੈਬ ਦੇ ਅਹੁਦੇਦਾਰ ਸਵੇਰ ਤੋਂ ਹੀ ਆਪਣੇ ਪ੍ਰਧਾਨ ਦੇ ਮੁੜਨ ਦੀ ਉਡੀਕ ਕਰ ਰਹੇ ਸਨ ਜੋ ਹੁਣ ਬੀਸੀਸੀਆਈ ਦੀ ਵੀ ਕਮਾਨ ਸੰਭਾਲਣਗੇ। ਸੌਰਵ ਸ਼ਾਮ ਨੂੰ ਮੁੰਬਈ ਤੋਂ ਕੋਲਕਾਤਾ ਦੇ ਨੇਤਾ ਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪੁੱਜੇ। ਉਥੇ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਪ੍ਰਸ਼ੰਸਕ ਮੌਜੂਦ ਸਨ ਜੋ 'ਦਾਦਾ' ਕਹਿ ਕੇ ਨਾਅਰੇ ਲਾ ਰਹੇ ਸਨ। ਸੌਰਵ ਉਥੋਂ ਸਿੱਧਾ ਈਡਨ ਗਾਰਡਨ ਲਈ ਰਵਾਨਾ ਹੋ ਗਏ। ਕੈਬ ਮੁੱਖ ਦਫਤਰ ਦੇ ਗੇਟ 'ਤੇ ਪੁੱਜਦੇ ਹੀ ਉਨ੍ਹਾਂ 'ਤੇ ਫੁੱਲਾਂ ਦੀ ਬਾਰਿਸ਼ ਹੋ ਗਈ ਤੇ ਆਤਿਸ਼ਬਾਜ਼ੀ ਵੀ ਹੋਈ। ਕੈਬ ਉਹਦੇਦਾਰਾਂ ਨੇ ਗੁਲਦਸਤੇ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ।