ਨਵੀਂ ਦਿੱਲੀ (ਪੀਟੀਆਈ) : ਨੌਜਵਾਨ ਮਹਿਲਾ ਭਲਵਾਨ ਸੋਨਮ ਮਲਿਕ ਨੇ ਸਾਕਸ਼ੀ ਮਲਿਕ ਨੂੰ ਲਗਾਤਾਰ ਦੂਜੀ ਵਾਰ ਮਾਤ ਦਿੱਤੀ। ਬੁੱਧਵਾਰ ਨੂੰ ਓਲੰਪਿਕ ਮੈਡਲ ਜੇਤੂ ਸਾਕਸ਼ੀ ਮਲਿਕ ਨੂੰ 18 ਸਾਲ ਦੀ ਸੋਨਮ ਮਲਿਕ ਨੇ ਹਰਾਇਆ। ਪਿਛਲੇ ਦਿਨੀਂ ਕਰਵਾਈ ਗਈ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿਚ ਸੋਨਮ ਮਲਿਕ ਨੇ ਸਾਕਸ਼ੀ ਨੂੰ ਹਰਾਇਆ ਸੀ। ਇਸ ਕਾਰਨ ਸਾਕਸ਼ੀ ਮਲਿਕ ਨੇ ਕਿਹਾ ਸੀ ਕਿ ਉਹ ਦੂਜੀ ਵਾਰ ਟਰਾਇਲ ਦੇਵੇਗੀ। 62 ਕਿਲੋਗ੍ਰਾਮ ਵਜ਼ਨ ਵਿਚ ਸੋਨਮ ਮਲਿਕ ਨੇ ਇਸ ਚੁਣੌਤੀ ਨੂੰ ਸਵੀਕਾਰ ਕੀਤਾ ਤੇ ਮੁੜ ਸਾਕਸ਼ੀ ਮਲਿਕ ਨੂੰ ਹਰਾ ਦਿੱਤਾ। ਸੋਨਮ ਮਲਿਕ ਨੇ ਪਹਿਲਾਂ ਰਾਧਿਕਾ ਨੂੰ ਹਰਾਇਆ ਤੇ ਫਿਰ ਵੱਕਾਰ ਦਾ ਧਿਆਨ ਰੱਖਦੇ ਹੋਏ ਉਨ੍ਹਾਂ ਨੇ ਸੈਮੀਫਾਈਨਲ ਵਿਚ ਏਸ਼ਿਆਈ ਚੈਂਪੀਅਨਸ਼ਿਪ ਦੀ 59 ਕਿਲੋਗ੍ਰਾਮ ਭਾਰ ਵਰਗ ਦੀ ਗੋਲਡ ਮੈਡਲ ਹਾਸਲ ਸਰਿਤਾ ਮੋਰ (3-1) ਨੂੰ ਹਰਾ ਦਿੱਤਾ। ਇਸ ਤੋਂ ਬਾਅਦ ਫਾਈਨਲ ਵਿਚ ਸੋਨਮ ਦਾ ਸਾਹਮਣਾ ਰੀਓ ਓਲੰਪਿਕ ਦੀ ਕਾਂਸੇ ਦਾ ਮੈਡਲ ਹਾਸਲ ਸਾਕਸ਼ੀ ਮਲਿਕ ਨਾਲ ਹੋਇਆ। ਇਸ ਮੁਕਾਬਲੇ ਵਿਚ ਵੀ ਸੋਨਮ ਨੇ ਜਿੱਤ ਹਾਸਲ ਕੀਤੀ। ਇਸ ਨਾਲ ਰੀਓ ਓਲੰਪਿਕ ਦੀ ਕਾਂਸੇ ਦਾ ਮੈਡਲ ਹਾਸਲ ਸਾਕਸ਼ੀ ਮਲਿਕ ਦਾ ਟੋਕੀਓ ਓਲੰਪਿਕ ਖੇਡਣ ਦਾ ਸੁਪਨਾ ਟੁੱਟ ਗਿਆ ਹੈ। ਸੋਨਮ ਨੇ ਆਪਣਾ ਸਥਾਨ ਟੋਕੀਓ ਓਲੰਪਿਕ ਲਈ ਹਾਸਲ ਕਰ ਲਿਆ ਹੈ। 62 ਕਿਲੋਗ੍ਰਾਮ ਭਾਰ ਵਰਗ ਵਿਚ ਕੁੱਲ ਨੌਂ ਮਹਿਲਾ ਭਲਵਾਨਾਂ ਨੇ ਹਿੱਸਾ ਲਿਆ ਸੀ। ਇਸ ਵਿਚ 2018 ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੇ ਦਾ ਮੈਡਲ ਹਾਸਲ ਪੂਜਾ ਢਾਂਡਾ ਨੇ ਹਿੱਸਾ ਲਿਆ ਸੀ। ਸੋਨਮ ਮਲਿਕ ਦੇ ਕੋਚ ਅਜਮੇਰ ਮਲਿਕ ਨੇ ਕਿਹਾ ਕਿ ਸਾਕਸ਼ੀ ਮਲਿਕ ਨੂੰ ਹਰਾਉਣਾ ਇਸ ਨੌਜਵਾਨ ਭਲਵਾਨ ਲਈ ਵੱਡੀ ਕਾਮਯਾਬੀ ਹੈ। ਸੋਨਮ ਨੇ ਉਸ ਨੂੰ ਥਕਾ ਦਿੱਤਾ। ਕੋਚ ਨੇ ਦੱਸਿਆ ਕਿ ਸੋਨਮ ਰੋਮ ਵਿਚ ਹੋਈ ਇਕ ਚੈਂਪੀਅਨਸ਼ਿਪ ਦੌਰਾਨ ਕੂਹਣੀ 'ਚ ਸੱਟ ਲਵਾ ਬੈਠੀ ਸੀ ਤੇ ਪੂਰੀ ਤਰ੍ਹਾਂ ਠੀਕ ਨਹੀਂ ਸੀ। ਬਾਵਜੂਦ ਇਸ ਦੇ ਉਨ੍ਹਾਂ ਨੇ ਬਹੁਤ ਘੱਟ ਟ੍ਰੇਨਿੰਗ ਨਾਲ ਸਾਕਸ਼ੀ ਨੂੰ ਹਰਾ ਦਿੱਤਾ। ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਯੂਐੱਫਆਈ) ਨੇ ਰੋਮ ਰੈਂਕਿੰਗ ਸੀਰੀਜ਼ ਇਵੈਂਟ ਤੇ ਏਸ਼ੀਅਨ ਚੈਂਪੀਅਨਸ਼ਿਪ ਲਈ ਟਰਾਇਲ ਲਏ ਸਨ ਜਿਸ ਵਿਚ ਸੋਨਮ ਨੇ ਸਾਕਸ਼ੀ ਨੂੰ ਹਰਾ ਕੇ ਸੁਰਖ਼ੀਆਂ ਹਾਸਲ ਕੀਤੀਆਂ ਸਨ। ਹਾਲਾਂਕਿ ਸੋਨਮ ਨੇ ਦੋਵਾਂ ਇਵੈਂਟਸ ਵਿਚ ਕੋਈ ਮੈਡਲ ਨਹੀਂ ਜਿੱਤਿਆ ਸੀ। ਦਿੱਲੀ ਵਿਚ ਕਰਵਾਈ ਏਸ਼ੀਅਨ ਚੈਂਪੀਅਨਸ਼ਿਪ ਵਿਚ ਉਹ ਪੰਜਵੇਂ ਸਥਾਨ 'ਤੇ ਰਹੀ ਸੀ।