ਨਵੀਂ ਦਿੱਲੀ, ਏਐਨਆਈ : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਭਾਵ ਬੀਸੀਸੀਆਈ ਨੇ ਇੰਡੀਅਨ ਪ੍ਰੀਮੀਅਰ ਲੀਗ ਭਾਵ ਆਈਪੀਐਲ ਦੇ 14ਵੇਂ ਸੀਜ਼ਨ ਤੋਂ ਪਹਿਲਾਂ ਇਕ ਅਹਿਮ ਫੈਸਲਾ ਲਿਆ ਹੈ। ਬੀਸੀਸੀਆਈ ਨੇ ਆਈਪੀਐਲ 2021 ਦੇ ਸੀਜ਼ਨ ਲਈ ਨਿਯਮਾਂ 'ਚ ਬਦਲਾਅ ਕੀਤਾ ਹੈ। ਬੀਸੀਸੀਆਈ ਨੇ ਪਿਛਲੇ ਕੁਝ ਸਮੇਂ ਤੋਂ ਚਰਚਾ ਰਹੇ ਸਾਫਟ ਸਿੰਗਨਲ ਦੇ ਨਿਯਮ ਨੂੰ 9 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਆਈਪੀਐਲ ਦੇ ਨਵੇਂ ਸੀਜ਼ਨ ਤੋਂ ਹਟਾ ਦਿੱਤਾ ਹੈ। ਇਸ ਤੋਂ ਇਲਾਵਾ ਬੀਸੀਸੀਆਈ ਨੇ ਨਿਯਮਾਂ 'ਚ ਕੁਝ ਹੋਰ ਬਦਲਾਅ ਵੀ ਕੀਤੇ ਹਨ।

ਆਈਪੀਐਲ ਨੇ ਨਵੇਂ ਨਿਯਮਾਂ ਮੁਤਾਬਕ ਹੁਣ ਥਰਡ ਅੰਪਾਇਰ ਮੈਦਾਨੀ ਅੰਪਾਇਰ ਦੇ ਨੋ ਬਾਲ ਤੇ ਸ਼ਾਰਟ ਰਨ ਦੇ ਫੈਸਲੇ ਨੂੰ ਵੀ ਬਦਲਿਆ ਜਾ ਸਕੇਗਾ। ਬੀਸੀਸੀਆਈ ਨੇ ਇਸ ਨਿਯਮ ਨੂੰ ਇਸ ਲਈ ਵੀ ਹਟਾਇਆ ਹੈ ਕਿਉਂਕਿ ਇੰਗਲੈਂਡ ਖ਼ਿਲਾਫ਼ ਸੀਮਤ ਓਵਰ ਸੀਰੀਜ਼ 'ਚ ਅੰਪਾਇਰ ਦੇ ਕਈ ਫੈਸਲੇ ਭਾਰਤ ਖ਼ਿਲਾਫ ਗਏ ਸੀ। ਇਸ 'ਤੇ ਕਪਤਾਨ ਵਿਰਾਟ ਕੋਹਲੀ ਨੇ ਵੀ ਨਿਰਾਸ਼ਾ ਜਤਾਈ ਸੀ ਤੇ ਕਿਹਾ ਸੀ ਕਿ ਸਾਫਟ ਸਿੰਗਨਲ ਨੂੰ ਹਟਾ ਦੇਣਾ ਚਾਹੀਦਾ ਹੈ। ਕੋਹਲੀ ਨੇ ਕਿਹਾ ਸੀ ਕਿ ਅੱਜ ਇਹ ਸਾਡੇ ਨਾਲ ਹੋਇਆ ਹੈ ਕੱਲ੍ਹ ਕਿਸੇ ਹੋਰ ਨਾਲ ਹੋਵੇਗਾ। ਆਈਪੀਐਲ ਵਰਗੀ ਦੁਨੀਆ ਦੀ ਸਭ ਤੋਂ ਹਰਮਨ ਪਿਆਰੀ ਲੀਗ ਦਾ ਸੰਚਾਲਨ ਕਰਨ ਵਾਲੀ ਬੀਸੀਸੀਆਈ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਹੁਣ ਥਰਡ ਅੰਪਾਇਰ ਨੂੰ ਫੈਸਲਾ ਭੇਜਣ ਤੋਂ ਪਹਿਲਾਂ ਮੈਦਾਨੀ ਅੰਪਾਇਰ ਕੋਲ ਸਾਫਟ ਸਿੰਗਨਲ ਦੇਣ ਦਾ ਕੋਈ ਅਧਿਕਾਰ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਪਹਿਲਾਂ ਜਦੋਂ ਮੈਦਾਨੀ ਅੰਪਾਇਰ ਤੀਜੇ ਅੰਪਾਇਰ ਕੋਲ ਜਾਂਦਾ ਸੀ ਤਾਂ ਉਸ ਸਾਫਟ ਸਿੰਗਨਲ ਦੇ ਤਹਿਤ ਪਹਿਲਾਂ ਆਪਣਾ ਫੈਸਲਾ ਦੇਣਾ ਪੈਂਦਾ ਸੀ ਪਰ ਹੁਣ ਅੰਪਾਇਰ ਨੂੰ ਅਜਿਹਾ ਕੁਝ ਨਹੀਂ ਕਰਨਾ ਪਵੇਗਾ।

Posted By: Ravneet Kaur