ਪ੍ਰੋ. ਜਤਿੰਦਰਬੀਰ ਸਿੰਘ ਨੰਦਾ: ਮੁੰਬਈ ਵਿਖੇ 18 ਜੁਲਾਈ 1996 ਨੂੰ ਪਿਤਾ ਸ਼੍ਰੀਨਿਵਾਸਨ ਮੰਧਾਨਾ ਤੇ ਮਾਤਾ ਸਵਿੱਤਰੀ ਦੇ ਘਰ ਜਨਮੀ ਸਮ੍ਰਿਤੀ ਮੰਧਾਨਾ ਨੇ ਟੀ-20 ਵਿਚ ਇਤਿਹਾਸ ਰਚਿਆ ਹੈ। ਉਸ ਨੇ ਕ੍ਰਿਕਟ ਦੀ ਟੀ-20 ਵੰਨਗੀ ਵਿਚ ਤਿੰਨ ਅੰਕਾਂ ਦਾ ਸੁਧਾਰ ਕਰ ਕੇ ਆਪਣੇ ਕਰੀਅਰ ਦੀ ਸਭ ਤੋਂ ਉੱਤਮ ਆਈਸੀਸੀ ਰੈਂਕਿੰਗ ਹਾਸਲ ਕੀਤੀ ਹੈ। ਰੈਂਕਿੰਗ 'ਚ ਸੁਧਾਰ ਨਾਲ ਉਹ ਤੀਸਰੇ ਸਥਾਨ 'ਤੇ ਆ ਗਈ ਹੈ। ਸਮ੍ਰਿਤੀ ਦਾ ਜੀਵਨ ਪ੍ਰਾਪਤੀਆਂ ਨਾਲ ਭਰਿਆ ਹੋਇਆ ਹੈ।

ਪਿਤਾ ਤੋਂ ਮਿਲੀ ਪ੍ਰੇਰਣਾ

ਕ੍ਰਿਕਟ ਦੀ ਖੇਡ ਸਮ੍ਰਿਤੀ ਨੂੰ ਗੁੜ੍ਹਤੀ ਵਿਚ ਪ੍ਰਾਪਤ ਹੋਈ ਹੈ। ਪਿਤਾ ਸ਼੍ਰੀਨਿਵਾਸਨ ਤੇ ਭਰਾ ਸਰਵਨ ਮੰਧਾਨਾ ਜ਼ਿਲ੍ਹਾ ਪੱਧਰ ਦੇ ਕ੍ਰਿਕਟ ਖਿਡਾਰੀ ਰਹੇ ਹਨ। ਪਿਤਾ ਸ਼੍ਰੀਨਿਵਾਸਨ ਨੇ ਆਪਣੀ ਤਿੰਨ ਸਾਲ ਦੀ ਬਾਲੜੀ ਸਮ੍ਰਿਤੀ ਨੂੰ ਜਦੋਂ ਪਲਾਸਟਿਕ ਦੇ ਬੈਟ ਨਾਲ ਖੇਡਦੇ ਹੋਏ ਵੇਖਿਆ ਤਾਂ ਉਨ੍ਹਾਂ ਨੇ ਆਪਣਾ ਸਾਰਾ ਧਿਆਨ ਸਮ੍ਰਿਤੀ ਦੀ ਖੇਡ ਨੂੰ ਸੰਵਾਰਨ 'ਤੇ ਲਗਾ ਦਿਤਾ। ਇਹ ਮੰਧਾਨਾ ਪਰਿਵਾਰ ਦਾ ਸਾਂਝਾ ਯਤਨ ਸੀ ਕਿ ਸਿਰਫ਼ 9 ਸਾਲ ਦੀ ਉਮਰ ਵਿਚ ਸਮ੍ਰਿਤੀ ਮਹਾਰਾਸ਼ਟਰ ਦੀ ਅੰਡਰ-15 ਕ੍ਰਿਕਟ ਟੀਮ ਲਈ ਚੁਣੀ ਗਈ। ਇਸ ਤੋਂ ਬਾਅਦ ਅੰਡਰ-19 ਵਿਚ ਸਮ੍ਰਿਤੀ ਮੰਧਾਨਾ ਨੇ ਉਸ ਵੇਲੇ ਸਭ ਨੂੰ ਹੈਰਾਨ ਕਰ ਦਿੱਤਾ ਜਦੋਂ ਸਿਰਫ਼ 11 ਸਾਲ ਦੀ ਉਮਰ ਵਿਚ ਮੁੜ ਮਹਾਰਾਸ਼ਟਰ ਦੀ ਟੀਮ ਲਈ ਚੁਣੀ ਗਈ।

72 ਸਕੋਰ ਨੇ ਬਦਲੀ ਰੈਂਕਿੰਗ

ਕ੍ਰਿਕਟ ਮਾਹਰਾਂ ਦਾ ਇਹ ਕਹਿਣਾ ਹੈ ਕਿ ਭਾਵੇਂ ਟੀ-20 ਦੀ ਤਿੰਨ ਮੈਚਾਂ ਦੀ ਲੜੀ ਭਾਰਤ ਨੇ 3-0 ਨਾਲ ਗੁਆ ਲਈ ਪਰ ਮੰਧਾਨਾ ਨੇ ਇਸ ਲੜੀ ਵਿਚ 72 ਸਕੋਰ ਬਣਾਏ, ਜਿਸ ਵਿਚ ਅਰਧ ਸੈਂਕੜਾ ਵੀ ਸ਼ਾਮਲ ਹੈ। ਖੱਬੇ ਹੱਥ ਨਾਲ ਖੇਡਣ ਵਾਲੀ ਇਸ ਖਿਡਾਰਨ ਦੀ ਪ੍ਰਾਪਤੀ ਨਾਲ ਸਾਬਤ ਕਰ ਦਿੱਤਾ ਕਿ ਉਹ ਇਕ ਸਮਰੱਥ ਬੱਲੇਬਾਜ਼ ਹੈ। ਦੂਸਰੇ ਪਾਸੇ, ਉਸ ਦੀ ਸਾਥਣ ਹਰਮਨਪ੍ਰੀਤ ਕੌਰ ਨੇ ਸੱਟ ਲੱਗਣ ਕਾਰਨ ਇੰਗਲੈਂਡ ਦੀ ਸੀਰੀਜ਼ 'ਚ ਭਾਗ ਨਹੀ ਲਿਆ ਸੀ, ਉਹ 9ਵੇਂ ਸਥਾਨ 'ਤੇ ਖਿਸਕ ਗਈ ਹੈ। ਇਹ ਦੋਵੇਂ ਖਿਡਾਰਨਾਂ ਇਸ ਖੇਡ ਦੇ ਮਜ਼ਬੂਤ ਥੰਮ ਹਨ। ਸਮ੍ਰਿਤੀ ਮੰਧਾਨਾ ਨੂੰ ਇਸ ਵਿਸ਼ੇਸ਼ ਪ੍ਰਾਪਤੀ ਲਈ ਵਧਾਈ ਦੇ ਨਾਲ ਆਸ ਕਰਦੇ ਹਾਂ ਕਿ ਹਰਮਨਪ੍ਰੀਤ ਆਪਣੀ ਹੀ ਸੱਟ ਤੋਂ ਰਾਜ਼ੀ ਹੋ ਕੇ ਆਉਣ ਵਾਲੇ ਵਿਸ਼ਵ ਕੱਪ ਵਿਚ ਇਕ ਵਾਰ ਫਿਰ ਭਾਰਤ ਦੀ ਸ਼ਕਤੀ ਬਣ ਕੇ ਉੱਭਰੇਗੀ।

ਕੌਮਾਂਤਰੀ ਕਰੀਅਰ ਦੀ ਸ਼ੁਰੂਆਤ

ਸਮ੍ਰਿਤੀ ਨੇ ਆਪਣੇ ਕਰੀਅਰ ਦਾ ਪਹਿਲਾ ਕੌਮਾਂਤਰੀ ਮੈਚ ਬੰਗਲਾਦੇਸ਼ ਖ਼ਿਲਾਫ਼ 2013 ਵਿਚ ਖੇਡਿਆ। ਇਸ ਤਰ੍ਹਾਂ ਸਿਰਫ਼ 17 ਸਾਲ ਦੀ ਉਮਰ 'ਚ ਸਮ੍ਰਿਤੀ ਮੰਧਾਨਾ ਨੇ ਸਫਲਤਾ ਵੱਲ ਕਦਮ ਪੁੱਟਣੇ ਸ਼ੁਰੂ ਕਰ ਦਿੱਤੇ। ਉਸ ਨੇ ਕ੍ਰਿਕਟ ਦੇ ਹਰ ਫਾਰਮੈਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਆਪਣਾ ਪਹਿਲਾ ਟੈਸਟ ਮੈਚ 13 ਅਗਸਤ 2014 ਨੂੰ ਇੰਗਲੈਂਡ ਖ਼ਿਲਾਫ਼ ਖੇਡ ਕੇ ਉਸ ਨੇ ਸਾਬਤ ਕਰ ਦਿਤਾ ਕਿ ਉਹ ਇਕ ਪ੍ਰਤਿਭਾਵਾਨ ਖਿਡਾਰਨ ਹੈ। 19 ਫਰਵਰੀ 2016 ਨੂੰ ਸਮ੍ਰਿਤੀ ਨੇ ਪਹਿਲਾ ਇਕ ਰੋਜ਼ਾ ਮੈਚ ਖੇਡਿਆ। ਖ਼ਾਸ ਗੱਲ ਇਹ ਹੈ ਕਿ ਉਸ ਨੇ ਜੁਝਾਰੂ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਇਕ ਰੋਜ਼ਾ ਮੈਚ ਵਿਚ ਦੋਹਰਾ ਸੈਂਕੜਾ ਵੀ ਬਣਾਇਆ।

Posted By: Harjinder Sodhi