ਨਵੀਂ ਦਿੱਲੀ (ਪੀਟੀਆਈ) : ਆਸਟ੍ਰੇਲੀਆਈ ਰਨ ਮਸ਼ੀਨ ਸਟੀਵ ਸਮਿਥ ਨੇ ਦੱਸਿਆ ਹੈ ਕਿ ਉਹ ਆਊਟ ਹੋਣ ਦੇ ਤਰੀਕਿਆਂ ਨੂੰ ਸੀਮਤ ਕਰਨ ਲਈ ਆਮ ਤੌਰ 'ਤੇ ਆਫ ਸਟੰਪ ਦੀ ਲਾਈਨ ਵਿਚ ਜਾਂ ਉਸ ਤੋਂ ਬਾਹਰ ਖੜ੍ਹੇ ਹੁੰਦੇ ਹਨ। ਵਿਸ਼ਵ ਦੇ ਨੰਬਰ ਇਕ ਟੈਸਟ ਬੱਲੇਬਾਜ਼ ਸਮਿਥ ਨੇ ਅਜੇ ਤਕ 73 ਟੈਸਟ ਮੈਚਾਂ ਵਿਚ 7227 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਨਾਂ 'ਤੇ 4162 ਵਨ ਡੇ ਦੌੜਾਂ ਵੀ ਦਰਜ ਹਨ। ਉਨ੍ਹਾਂ ਦੀ ਬੱਲੇਬਾਜ਼ੀ ਦੀ ਤਕਨੀਕ ਅਪਰੰਪਰਾਗਤ ਹੈ ਜਿਸ ਨੂੰ ਸਮਝਣ ਵਿਚ ਜ਼ਿਆਦਾਤਰ ਲੋਕ ਨਾਕਾਮ ਰਹੇ ਹਨ। ਆਈਪੀਐੱਲ ਤੋਂ ਪਹਿਲਾਂ ਰਾਜਸਥਾਨ ਰਾਇਲਜ਼ ਵੱਲੋਂ ਕਰਵਾਈ ਗਈ ਗੱਲਬਾਤ ਵਿਚ ਸਮਿਥ ਨੇ ਨਿਊਜ਼ੀਲੈਂਡ ਦੇ ਸਪਿੰਨਰ ਈਸ਼ ਸੋਡੀ ਸਾਹਮਣੇ ਆਪਣੀ ਤਕਨੀਕ ਨੂੰ ਲੈ ਕੇ ਖੁੱਲ੍ਹ ਕੇ ਗੱਲ ਕੀਤੀ। ਆਪਣੇ ਬੱਲੇਬਾਜ਼ੀ ਸਟਾਂਸ (ਬੱਲੇਬਾਜ਼ਾ ਦੇ ਖੜ੍ਹੇ ਹੋਣ ਦਾ ਤਰੀਕਾ) ਬਾਰੇ ਸਮਿਥ ਨੇ ਕਿਹਾ ਕਿ ਇਹ ਇਸ 'ਤੇ ਨਿਰਭਰ ਕਰਦਾ ਹੈ ਕਿ ਕਿਹੜਾ ਗੇਂਦਬਾਜ਼ੀ ਕਰ ਰਿਹਾ ਹੈ। ਵਿਕਟ ਕਿਹੋ ਜਿਹੀ ਹੈ, ਮੈਂ ਕਿਸ ਤਰ੍ਹਾਂ ਦੌੜਾਂ ਬਣਾਉਣੀਆਂ ਹਨ ਤੇ ਗੇਂਦਬਾਜ਼ ਮੈਨੂੰ ਕਿਸ ਤਰ੍ਹਾਂ ਆਊਟ ਕਰਨਾ ਚਾਹੁੰਦੇ ਹਨ। ਇਸ ਨਾਲ ਮੈਂ ਤੈਅ ਕਰਦਾ ਹਾਂ ਕਿ ਮੈਂ ਆਪਣਾ ਸਟਾਂਸ ਕਿਵੇਂ ਰੱਖਣਾ ਹੈ।

ਆਊਟ ਹੋਣ ਦੇ ਤਰੀਕੇ ਨਾਲ ਸਬੰਧ

ਸਮਿਥ ਨੇ ਕਿਹਾ ਕਿ ਇਹ ਆਊਟ ਹੋਣ ਦੇ ਤਰੀਕਿਆਂ ਨੂੰ ਸੀਮਤ ਕਰਨ ਲਈ ਹੈ। ਮੈਂ ਆਮ ਤੌਰ 'ਤੇ ਅਜਿਹਾ ਸਟਾਂਸ ਲੈਂਦਾ ਹਾਂ ਜਿੱਥੇ ਮੇਰਾ ਬੈਕਫੁਟ ਆਫ ਸਟੰਪ ਦੀ ਲਾਈਨ ਵਿਚ ਹੁੰਦਾ ਹੈ ਤੇ ਕੁਝ ਮੌਕਿਆਂ 'ਤੇ ਤਾਂ ਉਸ ਤੋਂ ਵੀ ਬਾਹਰ। ਇਸ ਨਾਲ ਮੈਂ ਜਾਣਦਾ ਹਾਂ ਕਿ ਕੋਈ ਵੀ ਗੇਂਦ ਜੋ ਮੇਰੀ ਨਜ਼ਰ ਤੋਂ ਬਾਹਰ ਵੱਲ ਜਾ ਰਹੀ ਹੋਵੇ, ਉਹ ਮੇਰੇ ਸਟੰਪ 'ਤੇ ਨਹੀਂ ਲੱਗੇਗੀ। ਸਮਿਥ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਜੇ ਗੇਂਦ ਸਟੰਪ ਵੱਲ ਨਾ ਹੋਵੇ ਤਾਂ ਤੁਹਾਨੂੰ ਆਊਟ ਨਹੀਂ ਹੋਣਾ ਚਾਹੀਦਾ। ਜਦ ਮੈਂ ਅਜਿਹਾ ਸਟਾਂਸ ਲੈਣਾ ਸ਼ੁਰੂ ਕੀਤਾ ਤਾਂ ਇਹ ਮੇਰੀ ਇਕ ਚਾਲ ਸੀ।