ਮਾਨਚੈਸਟਰ : ਆਸਟ੍ਰੇਲੀਆ ਦੇ ਕੋਚ ਜਸਟਿਨ ਲੈਂਗਰ ਨੇ ਮੰਗਲਵਾਰ ਨੂੰ ਕਿਹਾ ਕਿ ਸਟੀਵ ਸਮਿਥ ਨੈੱਟ ਅਭਿਆਸ 'ਤੇ ਮੁੜਨਗੇ ਤੇ ਇੰਗਲੈਂਡ ਖ਼ਿਲਾਫ਼ ਤੀਜਾ ਤੇ ਆਖ਼ਰੀ ਵਨ ਡੇ ਖੇਡਣਗੇ। ਇੰਗਲੈਂਡ ਤੇ ਆਸਟ੍ਰੇਲੀਆ ਵਿਚਾਲੇ ਆਖ਼ਰੀ ਵਨ ਡੇ ਮੈਚ ਬੁੱਧਵਾਰ ਨੂੰ ਖੇਡਿਆ ਜਾਵੇਗਾ। ਲੈਂਗਰ ਨੇ ਕਿਹਾ ਕਿ ਅਸੀਂ ਕਨਕਸ਼ਨ ਦੇ ਸਾਰੇ ਪ੍ਰਰੋਟਕਾਲ ਦਾ ਪਾਲਣ ਕਰ ਰਹੇ ਹਾਂ। ਉਹ ਸਹੀ ਦਿਸ਼ਾ ਵਿਚ ਅੱਗੇ ਵਧ ਰਹੇ ਹਨ ਤੇ ਉਮੀਦ ਹੈ ਕਿ ਬੁੱਧਵਾਰ ਨੂੰ ਖੇਡਣਗੇ।

ਬਲੈਕ ਲਾਈਵਜ਼ ਮੈਟਰ 'ਤੇ ਵੱਧ ਗੱਲ ਨਹੀਂ ਹੋਈ : ਲੈਂਗਰ

ਮਾਨਚੈਸਟਰ : ਆਸਟ੍ਰੇਲਿਆਈ ਕ੍ਰਿਕਟ ਟੀਮ ਦੇ ਕੋਚ ਜਸਟਿਨ ਲੈਂਗਰ ਨੂੰ ਦੁੱਖ ਹੈ ਕਿ ਬਲੈਕ ਲਾਈਵਜ਼ ਮੈਟਰ ਮੁਹਿੰਮ ਦੇ ਤਹਿਤ ਇੰਗਲੈਂਡ ਦੌਰੇ 'ਤੇ ਮੈਚ ਤੋਂ ਪਹਿਲਾਂ ਗੋਡੇ ਦੇ ਭਾਰ ਬੈਠ ਕੇ ਵਿਰੋਧ ਜ਼ਾਹਰ ਕਰਨ ਨੂੰ ਲੈ ਕੇ ਟੀਮ ਵਿਚ ਜ਼ਿਆਦਾ ਗੱਲ ਨਹੀਂ ਹੋਈ। ਇੰਗਲੈਂਡ ਤੇ ਵੈਸਟਇੰਡੀਜ਼ ਦੇ ਕ੍ਰਿਕਟਰਾਂ ਨੇ ਜੁਲਾਈ ਵਿਚ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਦੇ ਹਰ ਮੈਚ ਤੋਂ ਪਹਿਲਾਂ ਅਜਿਹਾ ਕੀਤਾ ਸੀ ਪਰ ਆਸਟ੍ਰੇਲਿਆਈ ਟੀਮ ਦੇ ਦੌਰੇ 'ਤੇ ਇਹ ਦੇਖਣ ਨੂੰ ਨਹੀਂ ਮਿਲਿਆ।

20 ਫ਼ੀਸਦੀ ਮੁਲਾਜ਼ਮ ਘੱਟ ਕਰੇਗਾ ਇੰਗਲੈਂਡ ਬੋਰਡ

ਲੰਡਨ : ਇੰਗਲੈਂਡ ਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਕੋਵਿਡ-19 ਮਹਾਮਾਰੀ ਕਾਰਨ ਹੋਏ 10 ਕਰੋੜ ਪੌਂਡ (ਲਗਭਗ ਸਾਢੇ ਨੌਂ ਅਰਬ ਰੁਪਏ) ਦਾ ਨੁਕਸਾਨ ਸਹਿਣ ਕਾਰਨ 20 ਫ਼ੀਸਦੀ ਮੁਲਾਜ਼ਮ ਘੱਟ ਕਰਨ ਦੀ ਯੋਜਨਾ ਬਣਾ ਰਿਹਾ ਹੈ। ਈਸੀਬੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਟਾਮ ਹੈਰਿਸਨ ਨੇ ਬਜਟ ਦੀ ਵਿਆਪਕ ਸਮੀਖਿਆ ਕਰਨ ਤੋਂ ਬਾਅਦ ਕਿਹਾ ਕਿ ਜੇ ਮਹਾਮਾਰੀ ਅਗਲੇ ਸਾਲ ਵੀ ਰਹੀ ਤਾਂ ਇਹ ਰਕਮ 20 ਕਰੋੜ ਪੌਂਡ (ਲਗਭਗ 19 ਅਰਬ ਰੁਪਏ) ਤਕ ਵਧ ਸਕਦੀ ਹੈ।