ਮੈਲਬੌਰਨ : ਗੇਂਦ ਨਾਲ ਛੇੜਛਾੜ ਦੇ ਮਾਮਲੇ ਵਿਚ ਸਾਲ ਦੀ ਪਾਬੰਦੀ ਸਹਿ ਰਹੇ ਆਸਟ੍ਰੇਲੀਆ ਟੀਮ ਦੇ ਕਪਾਤਨ ਸਟੀਵ ਸਮਿਥ ਤੇ ਡੇਵਿਡ ਵਾਰਨਰ ਦੀ ਪਾਬੰਦੀ ਸਮਾਪਤ ਹੋਣ 'ਤੇ ਹੈ ਅਤੇ ਉਹ ਜਲਦ ਤੋਂ ਜਲਦ ਕ੍ਰਿਕਟ ਦੇ ਮੈਦਾਨ 'ਤੇ ਵਾਪਸੀ ਕਰਨਾ ਚਾਹੁੰਦੇ ਹਨ। ਇਨ੍ਹਾਂ ਦੋਵਾਂ ਖਿਡਾਰੀਆਂ ਦੀ ਵਾਪਸੀ ਪਾਕਿਸਤਾਨ ਖ਼ਿਲਾਫ਼ ਸੀਰੀਜ਼ ਵਿਚ ਵੀ ਹੋਣ ਦੀ ਉਮੀਦ ਦਿਖ ਰਹੀ ਹੈ। ਦੋਵੇਂ ਖਿਡਾਰੀਆਂ 'ਤੇ ਪਾਬੰਦੀ ਯੂਏਈ ਵਿਚ ਪਾਕਿਸਤਾਨ ਖ਼ਿਲਾਫ਼ ਖੇਡੀ ਜਾਣ ਵਾਲੀ ਵਨ ਡੇ ਸੀਰੀਜ਼ ਦੌਰਾਨ ਸਮਾਪਤ ਹੋਵੇਗੀ। ਆਸਟ੍ਰੇਲੀਆ ਤੇ ਪਾਕਿਸਤਾਨ ਵਿਚਾਲੇ 22 ਤੋਂ 31 ਮਾਰਚ ਤਕ ਯੂਏਈ ਵਿਚ ਪੰਜ ਵਨ ਡੇ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਪਿਛਲੇ ਸਾਲ ਦੱਖਣੀ ਅਫਰੀਕਾ ਖ਼ਿਲਾਫ਼ ਕੇਪਟਾਊਨਟੈਸਟ ਮੈਚ ਵਿਚ ਸਮਿਥ ਤੇ ਵਾਰਨਰ 'ਤੇ ਗੇਂਦ ਨਾਲ ਛੇੜਛਾੜ ਕਾਰਨ ਸਾਲ ਦੀ ਪਾਬੰਦੀ ਲੱਗੀ ਸੀ ਤੇ ਉਨ੍ਹਾਂ ਦੀ ਪਾਬੰਦੀ 29 ਮਾਰਚ ਨੂੰ ਸਮਾਪਤ ਹੋ ਰਹੀ ਹੈ। ਇਸ ਦਾ ਮਤਲਬ ਪਾਕਿਸਤਾਨ ਖ਼ਿਲਾਫ਼ ਚੌਥੇ ਵਨ ਡੇ ਲਈ ਉਨ੍ਹਾਂ ਨੂੰ ਟੀਮ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਆਸਟ੍ਰੇਲੀਆ 22 ਮਾਰਚ ਨੂੰ ਸ਼ਾਰਜਾਹ ਵਿਚ ਪਾਕਿਸਤਾਨ ਨਾਲ ਪਹਿਲਾ ਵਨ ਡੇ ਮੈਚ ਖੇਡਣ ਉਤਰੇਗਾ। ਹਾਲਾਂਕਿ ਪਾਬੰਦੀ ਸਮਾਪਤ ਹੋਣ ਦੇ ਬਾਵਜੂਦ ਉਨ੍ਹਾਂ ਦੀ ਵਾਪਸੀ ਵਿਚ ਸਭ ਤੋਂ ਵੱਡਾ ਅੜਿੱਕਾ ਉਨ੍ਹਾਂ ਦੀ ਫਿਟਨੈੱਸ ਬਣ ਸਕਦੀ ਹੈ ਕਿਉਂਕਿ ਦੋਵੇਂ ਖਿਡਾਰੀ ਬੰਗਲਾਦੇਸ਼ ਪ੍ਰੀਮੀਅਰ ਲੀਗ ਵਿਚ ਜ਼ਖ਼ਮੀ ਹੋ ਗਏ ਸਨ ਜਿਸ ਕਾਰਨ ਉਨ੍ਹਾਂ ਨੂੰ ਟੂਰਨਾਮੈਂਟ ਵਿਚਾਲੇ ਛੱਡ ਕੇ ਵਾਪਸ ਦੇਸ਼ ਮੁੜਨਾ ਪਿਆ ਸੀ। ਸਮਿਥ ਤੇ ਵਾਰਨਰ ਦੋਵਾਂ ਦੀ ਕੂਹਣੀ ਵਿਚ ਸੱਟ ਲੱਗੀ ਸੀ ਜਿਸ ਤੋਂ ਬਾਅਦ ਸਮਿਥ ਦੀ ਸਰਜਰੀ ਵੀ ਕਰਵਾਉਣੀ ਪਈ ਸੀ। ਹੁਣ ਦੇਖਣਾ ਪਵੇਗਾ ਕਿ ਕੀ ਪਾਬੰਦੀ ਸਮਾਪਤ ਹੋਣ ਤੋਂ ਬਾਅਦ ਉਹ ਪਾਕਿਸਤਾਨ ਖ਼ਿਲਾਫ਼ ਹੀ ਮੈਦਾਨ 'ਤੇ ਵਾਪਸੀ ਕਰਨਗੇ ਜਾਂ ਫਿਰ ਚੋਣਕਾਰ ਆਪਣੇ ਇਨ੍ਹਾਂ ਖਿਡਾਰੀਆਂ ਨੂੰ ਵਿਸ਼ਵ ਕੱਪ ਤੋਂ ਪਹਿਲਾਂ ਥੋੜ੍ਹਾ ਹੋਰ ਆਰਾਮ ਦੇਣਾ ਚਾਹੁੰਦੇ ਹਨ।