ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਆਸਟ੍ਰੇਲੀਆ 'ਚ ਬਾਰਡਰ-ਗਾਵਸਕਰ ਟਰਾਫੀ ਖੇਡਣ ਲਈ 18 ਮੈਂਬਰੀ ਟੀਮ ਗਈ ਸੀ। ਖਿਡਾਰੀਆਂ ਦੀਆਂ ਸੱਟਾਂ ਕਾਰਨ ਸੀਮਤ ਓਵਰਾਂ ਦੀ ਟੀਮ 'ਚੋਂ ਸ਼ਾਰਦੁਲ ਠਾਕੁਰ ਤੇ ਟੀ ਨਟਰਾਜਨ ਨੂੰ ਆਸਟ੍ਰੇਲੀਆ ਵਿਚ ਹੀ ਟੀਮ ਨਾਲ ਰੁਕਣ ਲਈ ਕਿਹਾ ਗਿਆ। ਵਾਸ਼ਿੰਗਟਨ ਸੁੰਦਰ ਤੇ ਕਾਰਤਿਕ ਤਿਆਗੀ ਨੈੱਟ ਗੇਂਦਬਾਜ਼ ਵਜੋਂ ਟੀਮ ਨਾਲ ਜੁੜੇ ਹੋਏ ਹਨ। ਇਸ ਦੇ ਬਾਵਜੂਦ ਹੁਣ ਹਾਲਾਤ ਇਹ ਹਨ ਕਿ ਸ਼ੁੱਕਰਵਾਰ ਤੋਂ ਬਿ੍ਸਬੇਨ ਵਿਚ ਸ਼ੁਰੂ ਹੋਣ ਵਾਲੇ ਸੀਰੀਜ਼ ਦੇ ਚੌਥੇ ਤੇ ਆਖ਼ਰੀ ਟੈਸਟ ਲਈ ਸਿਰਫ਼ 10 ਖਿਡਾਰੀ ਹੀ ਪੂਰੀ ਤਰ੍ਹਾਂ ਫਿੱਟ ਬਚੇ ਹਨ। ਇਸ ਤੋਂ ਇਲਾਵਾ ਦੋ ਨੈੱਟ ਗੇਂਦਬਾਜ਼ ਹਨ। ਬੀਸੀਸੀਆਈ ਦੇ ਇਕ ਅਧਿਕਾਰੀ ਨੇ ਕਿਹਾ ਕਿ ਤੇਜ਼ ਗੇਂਦਬਾਜ਼ ਜਸਪ੍ਰਰੀਤ ਬੁਮਰਾਹ ਦੇ ਸਿਡਨੀ ਟੈਸਟ ਵਿਚ ਫੀਲਡਿੰਗ ਦੌਰਾਨ ਪੇਟ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਹੋਇਆ ਸੀ। ਉਹ ਬਿ੍ਸ਼ਬੇਨ ਟੈਸਟ ਨਹੀਂ ਖੇਡ ਸਕਣਗੇ ਪਰ ਉਮੀਦ ਹੈ ਕਿ ਉਹ ਇੰਗਲੈਂਡ ਦੇ ਖ਼ਿਲਾਫ਼ ਟੈਸਟ ਸੀਰੀਜ਼ ਨਾਲ ਵਾਪਸੀ ਕਰਨਗੇ। ਕੁੱਲ ਛੇ ਖਿਡਾਰੀ ਜਸਪ੍ਰਰੀਤ ਬੁਮਰਾਹ, ਮੁਹੰਮਦ ਸ਼ਮੀ, ਉਮੇਸ਼ ਯਾਦਵ, ਕੇਐੱਲ ਰਾਹੁਲ, ਰਵਿੰਦਰ ਜਡੇਜਾ ਤੇ ਹਨੂਮਾ ਵਿਹਾਰੀ ਸੱਟ ਕਾਰਨ ਬਾਹਰ ਹੋ ਚੁੱਕੇ ਹਨ। ਤਿੰਨ ਖਿਡਾਰੀਆਂ ਮਯੰਕ ਅਗਰਵਾਲ, ਰਵੀਚੰਦਰਨ ਅਸ਼ਵਿਨ ਤੇ ਰਿਸ਼ਭ ਪੰਤ ਦੀ ਫਿਟਨੈੱਸ 'ਤੇ ਸ਼ੱਕ ਕਾਇਮ ਹੈ। ਵਿਰਾਟ ਕੋਹਲੀ ਪਰਿਵਾਰਕ ਕਾਰਨਾਂ ਕਰਕੇ ਪਹਿਲਾਂ ਹੀ ਭਾਰਤ ਮੁੜ ਚੁੱਕੇ ਹਨ।

ਇਨ੍ਹਾਂ ਕ੍ਰਿਕਟਰਾਂ ਬਾਰੇ ਕਹਿਣਾ ਅਜੇ ਮੁਸ਼ਕਲ

ਰਵੀਚੰਦਰਨ ਅਸ਼ਵਿਨ ਸੋਮਵਾਰ ਨੂੰ ਜਦ ਉੱਠੇ ਤਾਂ ਉਨ੍ਹਾਂ ਦੇ ਲੱਕ ਵਿਚ ਜਕੜਨ ਸੀ ਜਿਸ ਕਾਰਨ ਉਨ੍ਹਾਂ ਨੂੰ ਬਹੁਤ ਦਰਦ ਹੋ ਰਿਹਾ ਸੀ। ਮਯੰਕ ਅਗਰਵਾਲ ਦੇ ਅਭਿਆਸ ਦੌਰਾਨ ਹੱਥ ਵਿਚ ਗੇਂਦ ਲੱਗ ਗਈ ਸੀ ਤੇ ਇਹ ਹੇਅਰਲਾਈਨ ਫ੍ਰੈਕਚਰ ਵੀ ਹੋ ਸਕਦਾ ਹੈ। ਉਨ੍ਹਾਂ ਦਾ ਸਕੈਨ ਕੀਤਾ ਗਿਆ ਹੈ। ਰਿਸ਼ਭ ਪੰਤ ਦੇ ਵੀ ਸਿਡਨੀ ਟੈਸਟ ਦੌਰਾਨ ਪਹਿਲੀ ਪਾਰੀ ਵਿਚ ਕੂਹਨੀ ਵਿਚ ਸੱਟ ਲੱਗ ਗਈ ਸੀ ਜਿਸ ਕਾਰਨ ਉਹ ਆਸਟ੍ਰੇਲੀਆ ਦੀ ਦੂਜੀ ਪਾਰੀ ਵਿਚ ਵਿਕਟਕੀਪਿੰਗ ਨਹੀਂ ਕਰ ਸਕੇ ਸਨ।

ਸੀਰੀਜ਼ 'ਚੋਂ ਬਾਹਰ ਹੋਣ ਵਾਲੇ ਖਿਡਾਰੀ

ਹਨੂਮਾ ਵਿਹਾਰੀ ਨੂੰ ਸਿਡਨੀ ਟੈਸਟ ਦੀ ਚੌਥੀ ਪਾਰੀ ਵਿਚ ਬੱਲੇਬਾਜ਼ੀ ਦੌਰਾਨ ਹੈਮਸਟਿ੍ੰਗ ਦੀ ਮੁਸ਼ਕਲ ਹੋਈ ਸੀ। ਰਵਿੰਦਰ ਜਡੇਜਾ ਨੂੰ ਸਿਡਨੀ ਟੈਸਟ ਦੇ ਤੀਜੇ ਦਿਨ ਬੱਲੇਬਾਜ਼ੀ ਦੌਰਾਨ ਮਿਸ਼ੇਲ ਸਟਾਰਕ ਦੀ ਇਕ ਛੋਟੀ ਗੇਂਦ 'ਤੇ ਖੱਬੇ ਅੰਗੂਠੇ 'ਚ ਸੱਟ ਲੱਗੀ ਸੀ। ਲੋਕੇਸ਼ ਰਾਹੁਲ ਖੱਬੇ ਗੁੱਟ ਵਿਚ ਮੋਚ ਕਾਰਨ ਆਖ਼ਰੀ ਦੋ ਟੈਸਟ 'ਚੋਂ ਬਾਹਰ ਹੋ ਗਏ। ਉਮੇਸ਼ ਯਾਦਵ ਨੂੰ ਪਿੰਨੀ ਦੀਆਂ ਮਾਸਪੇਸ਼ੀਆਂ 'ਚ ਖਿਚਾਅ ਦੀ ਸ਼ਿਕਾਇਤ ਸੀ। ਮੁਹੰਮਦ ਸ਼ਮੀ ਦੇ ਐਡੀਲੇਡ ਟੈਸਟ ਦੀ ਦੂਜੀ ਪਾਰੀ ਵਿਚ ਬੱਲੇਬਾਜ਼ੀ ਦੌਰਾਨ ਤੇਜ਼ ਗੇਂਦਬਾਜ਼ ਪੈਟ ਕਮਿੰਸ ਦੀ ਗੇਂਦ ਹੱਥ 'ਤੇ ਲੱਗ ਗਈ ਸੀ ਜਿਸ ਨਾਲ ਫ੍ਰੈਕਚਰ ਹੋ ਗਿਆ। ਜਸਪ੍ਰਰੀਤ ਬੁਮਰਾਹ ਦੇ ਸਿਡਨੀ ਟੈਸਟ ਵਿਚ ਫੀਲਡਿੰਗ ਦੌਰਾਨ ਪੇਟ ਦੀਆਂ ਮਾਸਪੇਸ਼ੀਆਂ 'ਚ ਖਿਚਾਅ ਹੋਇਆ ਸੀ।