ਨਵੀਂ ਦਿੱਲੀ (ਪੀਟੀਆਈ) : ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਨਵੇਂ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਆਸਟ੍ਰੇਲੀਆ ਦੌਰੇ ਦੀ ਖੋਜ ਕਰਾਰ ਦਿੰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਨਿੱਜੀ ਨੁਕਸਾਨ ਤੇ ਦਰਸ਼ਕਾਂ ਤੋਂ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨ ਤੋਂ ਬਾਅਦ ਵੀ ਉਨ੍ਹਾਂ ਨੇ ਟੈਸਟ ਸੀਰੀਜ਼ ਦੀ ਇਤਿਹਾਸਿਕ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ। ਸਿਰਾਜ ਦੇ ਪਿਤਾ ਦਾ 20 ਨਵੰਬਰ ਨੂੰ ਫੇਫੜੇ ਦੀ ਬਿਮਾਰੀ ਨਾਲ ਦੇਹਾਂਤ ਹੋ ਗਿਆ। ਇਸ ਤੋਂ ਇਕ ਹਫਤਾ ਪਹਿਲਾਂ ਹੀ ਸਿਰਾਜ ਭਾਰਤੀ ਟੀਮ ਨਾਲ ਆਸਟ੍ਰੇਲੀਆ ਪੁੱਜੇ ਸਨ। ਉਨ੍ਹਾਂ ਨੂੰ ਘਰ ਮੁੜਨ ਦਾ ਬਦਲ ਦਿੱਤਾ ਗਿਆ ਪਰ ਉਹ ਟੀਮ ਨਾਲ ਰੁਕੇ ਰਹੇ। ਆਸਟ੍ਰੇਲੀਆ ਖ਼ਿਲਾਫ਼ ਚਾਰ ਮੈਚਾਂ ਦੀ ਸੀਰੀਜ਼ ਦੇ ਸਿਡਨੀ ਵਿਚ ਖੇਡੇ ਗਏ ਤੀਜੇ ਟੈਸਟ ਵਿਚ ਉਨ੍ਹਾਂ ਨੂੰ ਦਰਸ਼ਕਾਂ ਤੋਂ ਨਸਲੀ ਟਿੱਪਣੀ ਦਾ ਸਾਹਮਣਾ ਕਰਨਾ ਪਿਆ ਸੀ। ਇਸ ਸਭ ਤੋਂ ਬਾਅਦ ਉਨ੍ਹਾਂ ਨੇ ਸੀਰੀਜ਼ ਵਿਚ ਭਾਰਤ ਵੱਲੋਂ ਸਭ ਤੋਂ ਜ਼ਿਆਦਾ 13 ਵਿਕਟਾਂ ਲਈਆਂ ਜਿਸ ਨਾਲ ਟੀਮ ਪੱਛੜਨ ਤੋਂ ਬਾਅਦ 2-1 ਨਾਲ ਜਿੱਤ ਦਰਜ ਕਰਨ ਵਿਚ ਕਾਮਯਾਬ ਰਹੀ। ਸ਼ਾਸਤਰੀ ਨੇ 26 ਸਾਲ ਦੇ ਇਸ ਗੇਂਦਬਾਜ਼ ਦੀ ਤਾਰੀਫ਼ ਕਰਦੇ ਹੋਏ ਟਵੀਟ ਕੀਤਾ ਕਿ ਗੇਂਦਬਾਜ਼ੀ ਹਮਲੇ ਦੇ ਪੱਧਰ ਨੂੰ ਉੱਚਾ ਕਰਨ ਵਾਲੇ ਮੁਹੰਮਦ ਸਿਰਾਜ ਇਸ ਦੌਰੇ ਦੀ ਖੋਜ ਹਨ। ਉਨ੍ਹਾਂ ਨੇ ਨਿੱਜੀ ਨੁਕਸਾਨ, ਨਸਲੀ ਟਿੱਪਣੀਆਂ ਦਾ ਸਾਹਮਣਾ ਕਰਦੇ ਹੋਏ ਚੰਗੇ ਪ੍ਰਦਰਸ਼ਨ ਲਈ ਇਸ ਨੂੰ ਪ੍ਰਰੇਰਣਾ ਵਾਂਗ ਲਿਆ। ਸੀਰੀਜ਼ ਦੇ ਦੂਜੇ ਟੈਸਟ ਮੈਲਬੌਰਨ ਵਿਚ ਸ਼ੁਰੂਆਤ ਕਰਨ ਵਾਲੇ ਸਿਰਾਜ ਨੇ ਤਜਰਬੇਕਾਰ ਤੇਜ਼ ਗੇਂਦਬਾਜ਼ਾਂ ਦੇ ਜ਼ਖ਼ਮੀ ਹੋਣ ਤੋਂ ਬਾਅਦ ਉਨ੍ਹਾਂ ਦੀ ਘਾਟ ਨੂੰ ਚੰਗੀ ਤਰ੍ਹਾਂ ਪੂਰਾ ਕੀਤਾ। ਬਿ੍ਸਬੇਨ ਵਿਚ ਖੇਡੇ ਗਏ ਚੌਥੇ ਟੈਸਟ ਵਿਚ ਉਨ੍ਹਾਂ ਨੇ ਨੌਜਵਾਨ ਭਾਰਤੀ ਗੇਂਦਬਾਜ਼ਾਂ ਦੀ ਅਗਵਾਈ ਕਰਦੇ ਹੋਏ ਇਸ ਖੇਡ ਦੇ ਸਭ ਤੋਂ ਲੰਬੇ ਫਾਰਮੈਟ ਵਿਚ ਪਹਿਲੀ ਵਾਰ ਪੰਜ ਵਿਕਟਾਂ (ਦੂਜੀ ਪਾਰੀ 'ਚ) ਹਾਸਲ ਕੀਤੀਆਂ। ਉਨ੍ਹਾਂ ਨੇ ਗਾਬਾ ਵਿਚ ਖੇਡੇ ਗਏ ਇਸ ਫ਼ੈਸਲਾਕੁਨ ਮੁਕਾਬਲੇ ਵਿਚ 150 ਦੌੜਾਂ ਦੇ ਕੇ ਸੱਤ ਵਿਕਟਾਂ ਲਈਆਂ। ਸਿਰਾਜ ਨੇ ਵੀਰਵਾਰ ਨੂੰ ਭਾਰਤ ਮੁੜਨ 'ਤੇ ਕਿਹਾ ਸੀ ਕਿ ਸਿਡਨੀ ਟੈਸਟ ਵਿਚ ਦਰਸ਼ਕਾਂ ਵੱਲੋਂ ਨਸਲੀ ਟਿੱਪਣੀਆਂ ਕੀਤੇ ਜਾਣ ਤੋਂ ਬਾਅਦ ਮੈਦਾਨੀ ਅੰਪਾਇਰਾਂ ਨੇ ਉਨ੍ਹਾਂ ਦੀ ਟੀਮ ਨੂੰ ਤੀਜਾ ਟੈਟ ਵਿਚਾਲੇ ਛੱਡਣ ਦਾ ਬਦਲ ਦਿੱਤਾ ਸੀ ਜਿਸ ਨੂੰ ਕਪਤਾਨ ਅਜਿੰਕੇ ਰਹਾਣੇ ਨੇ ਠੁਕਰਾ ਦਿੱਤਾ।