ਜੇਐੱਨਐੱਨ, ਚੰਡੀਗੜ੍ਹ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ, ਸਾਬਕਾ ਤੇਜ਼ ਗੇਂਦਬਾਜ਼ ਚੇਤਨ ਸ਼ਰਮਾ ਤੇ ਧੜੱਲੇਦਾਰ ਬੱਲੇਬਾਜ਼ ਯੁਵਰਾਜ ਸਿੰਘ ਤੋਂ ਬਾਅਦ ਹੁਣ ਟ੍ਰਾਈਸਿਟੀ ਤੋਂ ਸ਼ੁਭਮਨ ਗਿੱਲ ਨੇ ਭਾਰਤੀ ਟੈਸਟ ਕ੍ਰਿਕਟ ਵਿਚ ਆਪਣੀ ਥਾਂ ਬਣਾਈ ਹੈ। ਸ਼ੁਭਮਨ ਗਿੱਲ ਦੀ ਦੋ ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਦੱਖਣੀ ਅਫਰੀਕਾ ਵਿਰੁੱਧ ਤਿੰਨ ਟੈਸਟ ਮੈਚਾਂ ਦੀ ਲੜੀ ਲਈ ਚੋਣ ਕੀਤੀ ਗਈ ਹੈ। ਗਿੱਲ ਨੇ ਚਾਰ ਦਿਨ ਪਹਿਲਾਂ ਹੀ (ਅੱਠ ਸਤੰਬਰ ਨੂੰ) ਆਪਣਾ ਜਨਮ ਦਿਨ ਮਨਾਇਆ ਹੈ। ਟੈਸਟ ਲੜੀ ਦਾ ਪਹਿਲਾ ਮੈਚ ਦੋ ਅਕਤੂਬਰ ਨੂੰ ਵਿਸ਼ਾਖਾਪਟਨਮ, ਦੂਜਾ 10 ਅਕਤੂਬਰ ਨੂੰ ਪੁਣੇ ਤੇ ਤੀਜਾ 19 ਅਕਤੂਬਰ ਨੂੰ ਰਾਂਚੀ ਵਿਚ ਖੇਡਿਆ ਜਾਵੇਗਾ। ਹਾਲਾਂਕਿ ਵੈਸਟਇੰਡੀਜ਼-ਏ ਵਿਰੁੱਧ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਭਾਰਤ ਦੀ ਸੀਨੀਅਰ ਟੀਮ ਵਿਚ ਥਾਂ ਨਾ ਮਿਲਣ ਤੋਂ ਕਾਫ਼ੀ ਨਿਰਾਸ਼ ਹੋ ਗਏ ਸਨ ਪਰ ਟੈਸਟ ਟੀਮ 'ਚ ਕੇਐੱਲ ਰਾਹੁਲ ਦੀ ਥਾਂ ਉਨ੍ਹਾਂ ਨੂੰ ਥਾਂ ਮਿਲੀ ਹੈ। ਗਿੱਲ ਵੈਸਟਇੰਡੀਜ਼-ਏ ਵਿਰੁੱਧ ਖੇਡੀ ਗਈ ਲੜੀ 'ਚ ਭਾਰਤ-ਏ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਸਨ। ਉਨ੍ਹਾਂ ਨੇ ਪੰਜ ਮੈਚਾਂ ਦੀ ਇਕ ਦਿਨਾ ਲੜੀ 'ਚ 218 ਦੌੜਾਂ ਬਣਾਈਆਂ ਸਨ ਤੇ ਉਹ 'ਮੈਨ ਆਫ ਦਿ ਸੀਰੀਜ਼' ਰਹੇ ਸਨ। ਫਾਜ਼ਿਲਕਾ (ਪੰਜਾਬ) 'ਚ ਜਨਮੇ ਸ਼ੁਭਮਨ ਗਿੱਲ ਭਾਰਤ ਲਈ ਇਕ ਦਿਨਾ ਇੰਟਰਨੈਸ਼ਨਲ ਖੇਡ ਚੁੱਕੇ ਹਨ। ਉਨ੍ਹਾਂ ਨੇ ਇਸੇ ਸਾਲ ਦੀ ਸ਼ੁਰੂਆਤ 'ਚ ਨਿਊਜ਼ੀਲੈਂਡ 'ਚ ਇਕ ਦਿਨਾ ਮੈਚਾਂ ਦੀ ਸ਼ੁਰੂਆਤ ਕੀਤੀ ਸੀ। ਹੁਣ ਤਕ ਉਨ੍ਹਾਂ ਨੇ ਦੋ ਇਕ ਦਿਨਾ ਕੌਮਾਂਤਰੀ ਮੈਚਾਂ ਵਿਚ ਸਿਰਫ਼ 16 ਦੌੜਾਂ ਬਣਾਈਆਂ ਹਨ। ਉੱਧਰ ਗਿੱਲ ਨੇ ਪੰਜਾਬ ਵੱਲੋਂ ਹੁਣ ਤਕ 14 ਪਹਿਲੀ ਸ਼੍ਰੇਣੀ ਦੇ ਮੈਚਾਂ ਵਿਚ 72.15 ਦੀ ਸ਼ਾਨਦਾਰ ਔਸਤ ਨਾਲ 1443 ਦੌੜਾਂ ਬਣਾਈਆਂ ਹਨ ਜਿਸ ਵਿਚ 4 ਸੈਂਕੜੇ ਤੇ 8 ਅਰਧ ਸੈਂਕੜੇ ਸ਼ਾਮਲ ਹਨ।

ਸੁਪਨਾ ਪੂਰਾ ਕਰਨ ਲਈ ਬੇਟੇ ਨੂੰ ਬਣਾਇਆ ਕ੍ਰਿਕਟਰ

ਸ਼ੁਭਮਨ ਗਿੱਲ ਦੇ ਪਿਤਾ ਲਖਵਿੰਦਰ ਸਿੰਘ ਮੂਲ ਰੂਪ 'ਚ ਕਾਸ਼ਤਕਾਰੀ ਕਰਦੇ ਹਨ। ਇਕ ਵੇਲੇ ਉਹ ਖ਼ੁਦ ਵੀ ਕ੍ਰਿਕਟਰ ਹੀ ਬਣਨਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਮੌਕਾ ਤੇ ਉਚਿਤ ਅਗਵਾਈ ਨਾ ਮਿਲ ਸਕਣ ਕਾਰਨ ਇਹ ਸੁਪਨਾ ਅਧੂਰਾ ਰਹਿ ਗਿਆ। ਹੁਣ ਉਨ੍ਹਾਂ ਦਾ ਅਧੂਰਾ ਸੁਪਨਾ ਉਨ੍ਹਾਂ ਦਾ ਪੁੱਤਰ ਪੂਰਾ ਕਰ ਰਿਹਾ ਹੈ। ਗਿੱਲ ਸਾਲ 2014-15 ਤੇ 2015-16 'ਚ ਸਰਬੋਤਮ ਬੀਸੀਸੀਆਈ ਅੰਡਰ-19 ਕ੍ਰਿਕਟਰ ਦੇ ਖ਼ਿਤਾਬ ਨਾਲ ਸਨਮਾਨੇ ਜਾ ਚੁੱਕੇ ਹਨ।