ਨਵੀਂ ਦਿੱਲੀ (ਪੀਟੀਆਈ) : ਆਸਟ੍ਰੇਲੀਆ ਵਿਚ ਆਪਣੀ ਸ਼ੁਰੂਆਤੀ ਟੈਸਟ ਸੀਰੀਜ਼ ਵਿਚ ਹੀ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ ਨੇ ਕਿਹਾ ਹੈ ਕਿ ਦਿੱਗਜ ਆਸਟ੍ਰੇਲਿਆਈ ਸਪਿੰਨਰ ਨਾਥਨ ਲਿਓਨ ਨੇ ਉਨ੍ਹਾਂ ਨੂੰ ਉਕਸਾਉਣ ਦੀ ਕੋਸ਼ਿਸ਼ ਕੀਤੀ ਸੀ।

ਗਿੱਲ ਨੇ ਕਿਹਾ ਕਿ ਆਸਟ੍ਰੇਲਿਆਈ ਖਿਡਾਰੀਆਂ ਵੱਲੋਂ ਉਕਸਾਉਣ ਦੇ ਬਾਵਜੂਦ ਉਹ ਸਲੇਜਿੰਗ ਦੇ ਜਾਲ ਵਿਚ ਨਹੀਂ ਫਸੇ। ਉਨ੍ਹਾਂ ਨੇ ਕਿਸੇ ਵੀ ਕੰਗਾਰੂ ਖਿਡਾਰੀ ਨੂੰ ਮੁੜ ਕੇ ਜਵਾਬ ਨਹੀਂ ਦਿੱਤਾ ਤੇ ਆਪਣੇ ਬੱਲੇ ਨਾਲ ਦੌੜਾਂ ਬਣਾ ਕੇ ਜਵਾਬ ਦੇਣਾ ਵਾਜਬ ਸਮਿਝਆ। ਗਿੱਲ ਨੇ ਕਿਹਾ ਕਿ ਨਾਥਨ ਲਿਓਨ ਨੇ ਮੈਨੂੰ ਉਕਸਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਮੈਂ ਆਪਣਾ ਆਪਾ ਨਹੀਂ ਗੁਆਇਆ ਤੇ ਬਿਲਕੁਲ ਸ਼ਾਂਤ ਰਿਹਾ।

ਮੈਂ ਚਾਹੁੰਦਾ ਸੀ ਕਿ ਮੇਰਾ ਬੱਲਾ ਉਨ੍ਹਾਂ ਨੂੰ ਜਵਾਬ ਦੇਵੇ। ਭਾਰਤੀ ਟੀਮ ਆਸਟ੍ਰੇਲਿਆਈ ਖਿਡਾਰੀਆਂ ਦੀ ਸਲੇਜਿੰਗ ਨਾਲ ਕਦੀ ਗੁੱਸੇ ਵਿਚ ਨਹੀਂ ਆਈ। ਗਿੱਲ ਨੇ ਬਿ੍ਸਬੇਨ ਟੈਸਟ ਮੈਚ ਦੀ ਦੂਜੀ ਪਾਰੀ ਵਿਚ 91 ਦੌੜਾਂ 'ਤੇ ਆਊਟ ਹੋਣ ਨੂੰ ਲੈ ਕੇ ਵੀ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮੈਂ ਕਾਫੀ ਚੰਗੀ ਤਰ੍ਹਾਂ ਖੇਡ ਰਿਹਾ ਸੀ ਤੇ ਗੇਂਦ ਵੀ ਬੱਲੇ 'ਤੇ ਕਾਫੀ ਚੰਗੀ ਤਰ੍ਹਾਂ ਆ ਰਹੀ ਸੀ। ਜਦ ਮੈਂ 90 ਦੇ ਸਕੋਰ ਨੂੰ ਪਾਰ ਕੀਤਾ ਤਾਂ ਥੋੜ੍ਹਾ ਘਬਰਾ ਗਿਆ ਤੇ ਖ਼ਰਾਬ ਸ਼ਾਟ ਖੇਡ ਕੇ ਆਊਟ ਹੋ ਗਿਆ। ਉਸ ਤਰ੍ਹਾਂ ਆਊਟ ਨਾਲ ਮੈਂ ਬਹੁਤ ਨਿਰਾਸ਼ ਸੀ। ਜਿੱਤ ਤੋਂ ਇਲਾਵਾ ਜੇ ਮੈਂ ਆਪਣੇ ਦੇਸ਼ ਲਈ ਸੈਂਕੜਾ ਵੀ ਬਣਾ ਦਿੰਦਾ ਤਾਂ ਇਹ ਹੋਰ ਵੀ ਚੰਗੀ ਗੱਲ ਹੋ ਜਾਂਦੀ।

ਮੁਹੰਮਦ ਸਿਰਾਜ ਦੀ ਵੀ ਕੀਤੀ ਤਾਰੀਫ਼

ਗਿੱਲ ਨੇ ਮੁਹੰਮਦ ਸਿਰਾਜ ਦੀ ਕਾਫੀ ਤਾਰੀਫ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਸਿਰਾਜ ਕਾਫੀ ਜ਼ਬਰਦਸਤ ਇਨਸਾਨ ਹਨ। ਉਨ੍ਹਾਂ ਨੇ ਕਾਫੀ ਚੰਗੀ ਗੇਂਦਬਾਜ਼ੀ ਕੀਤੀ ਤੇ ਇਤਰਾਜ਼ਯੋਗ ਟਿੱਪਣੀਆਂ ਦਾ ਉਨ੍ਹਾਂ 'ਤੇ ਕੋਈ ਅਸਰ ਨਹੀਂ ਪਿਆ। ਆਪਣੇ ਪਿਤਾ ਦੇ ਦੇਹਾਂਤ ਦੇ ਬਾਵਜੂਦ ਮੈਦਾਨ ਵਿਚ ਉਨ੍ਹਾਂ ਨੇ ਆਪਣਾ ਸਰਬੋਤਮ ਪ੍ਰਦਰਸ਼ਨ ਕੀਤਾ ਜਦਕਿ ਪ੍ਰਸ਼ੰਸਕ ਉਨ੍ਹਾਂ 'ਤੇ ਟਿੱਪਣੀਆਂ ਕਰ ਰਹੇ ਸਨ।