ਲਿੰਕਨ (ਪੀਟੀਆਈ) : ਸ਼ੁਭਮਨ ਗਿੱਲ ਦੀ ਅਜੇਤੂ 107 ਦੌੜਾਂ ਦੀ ਪਾਰੀ ਨਾਲ ਭਾਰਤ-ਏ ਨੇ ਨਿਊਜ਼ੀਲੈਂਡ-ਏ ਖ਼ਿਲਾਫ਼ ਚਾਰ ਦਿਨਾ ਮੁਕਾਬਲੇ ਵਿਚ ਐਤਵਾਰ ਨੂੰ ਤੀਜੇ ਦਿਨ ਦੀ ਖੇਡ ਸਮਾਪਤ ਹੋਣ ਤਕ 53 ਓਵਰਾਂ ਵਿਚ ਇਕ ਵਿਕਟ 'ਤੇ 234 ਦੌੜਾਂ ਬਣਾ ਲਈਆਂ। ਨਿਊਜ਼ੀਲੈਂਡ-ਏ ਨੇ ਇਸ ਤੋਂ ਪਹਿਲਾਂ ਨੌਂ ਵਿਕਟਾਂ 'ਤੇ 386 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ ਸੀ। ਸਲਾਮੀ ਬੱਲੇਬਾਜ਼ ਗਿੱਲ ਨੇ ਕਪਤਾਨ ਹਨੂਮਾ ਵਿਹਾਰੀ (59) ਨਾਲ ਪਹਿਲੀ ਵਿਕਟ ਲਈ 111 ਦੌੜਾਂ ਦੀ ਭਾਈਵਾਲੀ ਕੀਤੀ।

ਉਨ੍ਹਾਂ ਨੇ ਇਸ ਤੋਂ ਬਾਅਦ ਭਾਰਤੀ ਟੈਸਟ ਟੀਮ ਦੇ ਰੈਗੂਲਰ ਮੈਂਬਰ ਚੇਤੇਸ਼ਵਰ ਪੁਜਾਰਾ (ਅਜੇਤੂ 52) ਨਾਲ ਹੁਣ ਤਕ 123 ਦੌੜਾਂ ਦੀ ਅਟੁੱਟ ਭਾਈਵਾਲੀ ਕਰ ਲਈ ਹੈ। ਪਿਛਲੇ ਮੈਚ ਵਿਚ ਅਜੇਤੂ ਦੋਹਰਾ ਸੈਂਕੜਾ ਲਾਉਣ ਵਾਲੇ ਗਿੱਲ ਨੇ 153 ਗੇਂਦਾਂ ਦੀ ਅਜੇਤੂ ਪਾਰੀ ਵਿਚ 13 ਚੌਕੇ ਤੇ ਇਕ ਛੱਕਾ ਲਾਇਆ। ਸ਼ਨਿਚਰਵਾਰ ਨੂੰ ਬਾਰਿਸ਼ ਕਾਰਨ ਦੂਜੇ ਦਿਨ ਦੀ ਖੇਡ ਨਹੀਂ ਹੋ ਸਕੀ ਸੀ ਜਿਸ ਤੋਂ ਬਾਅਦ ਨਿਊਜ਼ੀਲੈਂਡ ਨੇ ਤੀਜੇ ਦਿਨ 131.5 ਓਵਰਾਂ ਵਿਚ ਨੌਂ ਵਿਕਟਾਂ 'ਤੇ 386 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ। ਡੇਰੇਲ ਮਿਸ਼ੇਲ ਨੇ 222 ਗੇਂਦਾਂ ਵਿਚ 10 ਚੌਕੇ ਤੇ ਇਕ ਛੱਕੇ ਦੀ ਮਦਦ ਨਾਲ ਅਜੇਤੂ 103 ਦੌੜਾਂ ਬਣਾਈਆਂ। ਗਲੇਨ ਫਿਲਿਪ ਨੇ 65, ਜਦਕਿ ਵਿਕਟਕੀਪਰ ਡੇਨ ਕਲੇਵਰ ਨੇ 53 ਦੌੜਾਂ ਬਣਾਈਆਂ। ਭਾਰਤ ਲਈ ਸੰਦੀਪ ਵਾਰੀਅਰ (2/50), ਮੁਹੰਮਦ ਸਿਰਾਜ (2/75), ਆਵੇਸ਼ ਖਾਨ (2/82) ਤੇ ਤਜਰਬੇਕਾਰ ਸਪਿੰਨਰ ਰਵੀਚੰਦਰਨ ਅਸ਼ਵਿਨ (2/98) ਨੇ ਆਪਸ ਵਿਚ ਅੱਠ ਵਿਕਟਾਂ ਸਾਂਝੀਆਂ ਕੀਤੀਆਂ। ਹੁਣ ਇਕ ਦਿਨ ਦੀ ਖੇਡ ਬਾਕੀ ਹੈ ਤੇ ਨਿਊਜ਼ੀਲੈਂਡ ਏ ਦੀ ਟੀਮ ਹੁਣ ਵੀ 152 ਦੌੜਾਂ ਨਾਲ ਅੱਗੇ ਹੈ।