ਨਵੀਂ ਦਿੱਲੀ, ਸਪੋਰਟਸ ਡੈਸਕ : ਭਾਰਤੀ ਟੀਮ ਦੇ ਮੱਧਕ੍ਰਮ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਨੇ ਟੀਮ ਦੀ ਚਿੰਤਾ ਵਧਾ ਦਿੱਤੀ ਹੈ। ਪਤਾ ਲੱਗਿਆ ਹੈ ਕਿ ਸ਼੍ਰੇਅਸ ਅਈਅਰ ਨੂੰ ਪਿੱਠ ਦੀ ਸਰਜਰੀ ਕਰਵਾਉਣੀ ਪਵੇਗੀ। ਜ਼ਿਕਰਯੋਗ ਹੈ ਕਿ ਸ਼੍ਰੇਅਸ ਅਈਅਰ ਬਾਰਡਰ-ਗਾਵਸਕਰ ਟਰਾਫੀ ਦੇ ਆਖਰੀ ਦਿਨ ਤੋਂ ਕਿ੍ਰਕਟ ਐਕਸ਼ਨ ਤੋਂ ਦੂਰ ਹਨ। ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਸ਼੍ਰੇਅਸ ਅਈਅਰ ਦੀ ਸਰਜਰੀ ਬੀਸੀਸੀਆਈ ਦੇ ਸਖਤ ਮਾਰਗਦਰਸ਼ਨ ’ਚ ਲੰਡਨ ਜਾਂ ਫਿਰ ਭਾਰਤ ਵਿਚ ਹੋਵੇਗੀ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਮੁੰਬਈ ਵਿਚ ਡਾਕਟਰ ਨਾਲ ਤੀਜੀ ਮੁਲਾਕਾਤ ਤੋਂ ਬਾਅਦ ਅਈਅਰ ਨੂੰ ਸਰਜਰੀ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ। ਸਰਜਰੀ ਤੋਂ ਬਾਅਦ ਅਈਅਰ ਨੂੰ ਘੱਟੋ-ਘੱਟ ਪੰਜ ਮਹੀਨੇ ਕਿ੍ਰਕਟ ਐਕਸ਼ਨ ਤੋਂ ਦੂਰ ਰਹਿਣਾ ਹੋਵੇਗਾ।
ਇਸ ਦਾ ਮਤਲਬ ਹੈ ਕਿ ਸ਼੍ਰੇਅਸ ਅਈਅਰ ਆਗਾਮੀ ਆਈਪੀਐੱਲ ਅਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਤੋਂ ਬਾਹਰ ਹੋ ਜਾਵੇਗਾ। ਅਈਅਰ ਦੇ ਆਉਣ ਵਾਲੇ ਵਿਸਵ ਕੱਪ ’ਚ ਖੇਡਣ ’ਤੇ ਸ਼ਸ਼ੋਪੰਜ ਬਣ ਗਿਆ ਹੈ। ਜੇ ਅਈਅਰ ਵਿਸ਼ਵ ਕੱਪ ਦੇ ਸਮੇਂ ਤੱਕ ਫਿੱਟ ਹੋ ਜਾਂਦੇ ਹਨ ਤਾਂ ਭਾਰਤੀ ਟੀਮ ’ਚ ਉਨ੍ਹਾਂ ਦੀ ਚੋਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਬਿਨਾਂ ਮੈਚ ਖੇਡੇ ਉਨ੍ਹਾਂ ਨੂੰ ਟੀਮ ’ਚ ਲੈਣਾ ਸਮਝਦਾਰੀ ਵਾਲਾ ਫੈਸਲਾ ਨਹੀਂ ਹੋਵੇਗਾ।
ਜ਼ਖਮੀ ਖਿਡਾਰੀਆਂ ਤੋਂ ਪਰੇਸ਼ਾਨ ਟੀਮ ਇੰਡੀਆ
ਭਾਰਤੀ ਟੀਮ ਇਸ ਸਮੇਂ ਆਪਣੇ ਜ਼ਖਮੀ ਖਿਡਾਰੀਆਂ ਤੋਂ ਪਰੇਸ਼ਾਨ ਹੈ। ਜਸਪ੍ਰੀਤ ਬੁਮਰਾਹ ਪਿੱਠ ਦੀ ਸਮੱਸਿਆ ਕਾਰਨ ਲੰਬੇ ਸਮੇਂ ਤੋਂ ਬਾਹਰ ਹਨ। ਰਿਸ਼ਭ ਪੰਤ ਗੰਭੀਰ ਕਾਰ ਹਾਦਸੇ ਤੋਂ ਬਾਅਦ ਠੀਕ ਹੋਣ ਵਿਚ ਰੁੱਝੇ ਹੋਏ ਹਨ। ਹੁਣ ਸ਼੍ਰੇਅਸ ਅਈਅਰ ਦੀ ਸੱਟ ਨੇ ਭਾਰਤੀ ਟੀਮ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।
ਅਈਅਰ ਦੇ ਬਾਹਰ ਹੋਣ ਨਾਲ ਭਾਰਤੀ ਟੀਮ ਦੇ ਨਾਲ-ਨਾਲ ਕੋਲਕਾਤਾ ਨਾਈਟ ਰਾਈਡਰਜ਼ ਨੂੰ ਵੀ ਵੱਡਾ ਝਟਕਾ ਲੱਗੇਗਾ। ਅਈਅਰ ਕੇਕੇਆਰ ਦੇ ਕਪਤਾਨ ਵੀ ਹਨ। ਕੇਕੇਆਰ ’ਚ ਅਈਅਰ ਦੀ ਥਾਂ ਕੌਣ ਲਵੇਗਾ ਅਤੇ ਨਵਾਂ ਕਪਤਾਨ ਕੌਣ ਹੋਵੇਗਾ, ਇਹ ਤਾਂ ਸਮਾਂ ਹੀ ਦੱਸੇਗਾ। ਵੈਸੇ ਸ਼੍ਰੇਅਸ ਅਈਅਰ ਦੀ ਸੱਟ ਨਵੀਂ ਨਹੀਂ ਹੈ। ਇਸ ਤੋਂ ਪਹਿਲਾਂ ਉਹ ਪਿੱਠ ਦੇ ਸੰਘਰਸ ਕਾਰਨ ਨਿਊਜ਼ੀਲੈਂਡ ਖਿਲਾਫ ਵਨਡੇ ਸੀਰੀਜ਼ ਤੋਂ ਬਾਹਰ ਹੋ ਗਿਆ ਸੀ।
Posted By: Harjinder Sodhi