ਨਵੀਂ ਦਿੱਲੀ (ਏਜੰਸੀ) : ਕੋਵਿਡ 19 ਮਹਾਮਾਰੀ ਦੇ ਚਲਦੇ ਮਿਲੀ ਛੁੱਟੀ ਕਾਰਨ ਭਾਰਤੀ ਕ੍ਰਿਕਟਰ ਸ਼੍ਰੇਅਸ ਅਈਅਰ ਕਾਰਡ ਨਾਲ ਜਾਦੂ ਦੀ ਖੇਡ ਕਰ ਕੇ ਆਪਣਾ ਤੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰ ਰਹੇ ਹਨ ਤੇ ਸਮਾਜਿਕ ਦੂਰੀ ਬਣਾਈ ਰੱਖਣ 'ਤੇ ਵੀ ਜ਼ੋਰ ਦੇ ਰਹੇ ਹਨ। ਪੂਰੀ ਦੁਨੀਆ ਵਿਚ ਕੋਵਿਡ 19 ਦੇ ਚਲਦੇ ਕ੍ਰਿਕਟ ਸਰਗਰਮੀਆਂ ਜਾਂ ਤਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਾਂ ਮੁਲਤਵੀ ਹਨ। ਬੀਸੀਸੀਆਈ ਨੇ ਸ਼ਨਿਚਰਵਾਰ ਨੂੰ ਅਈਅਰ ਦਾ ਇਕ ਵੀਡੀਓ ਟਵੀਟ ਕੀਤਾ ਜੋ ਆਪਣੀ ਭੈਣ ਨਤਾਸ਼ਾ ਨਾਲ ਕਾਰਡ ਦਾ ਜਾਦੂ ਦਿਖਾ ਰਹੇ ਹਨ। ਬੀਸੀਸੀਆਈ ਨੇ ਟਵੀਟ ਕੀਤਾ ਕਿ ਸਾਡੇ ਆਪਣੇ ਜਾਦੂਗਰ ਸ਼੍ਰੇਅਸ ਅਈਅਰ ਘਰਾਂ ਦੇ ਅੰਦਰ ਰਹਿਣ ਵਾਲੇ ਇਸ ਦੌਰ ਵਿਚ ਸਾਡਾ ਮਨੋਰੰਜਨ ਕਰ ਰਹੇ ਹਨ। ਸਭ ਦੇ ਚਿਹਰਿਆਂ ਤੇ ਮੁਸਕਰਾਹਟ ਲਿਆਉਣ ਲਈ ਧੰਨਵਾਦ ਚੈਂਪੀਅਨ। ਭਾਰਤੀ ਟੀਮ ਦੀ ਦੱਖਣੀ ਅਫਰੀਕਾ ਖ਼ਿਲਾਫ਼ ਵਨ ਡੇ ਸੀਰੀਜ਼ ਰੱਦ ਹੋ ਗਈ ਹੈ। ਇਸ ਤੋਂ ਇਲਾਵਾ ਆਈਪੀਐੱਲ ਵੀ 15 ਅਪ੍ਰੈਲ ਤਕ ਮੁਲਤਵੀ ਕਰ ਦਿੱਤਾ ਗਿਆ ਹੈ। ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਨਾਲ ਬਹੁਤ ਸਾਰੇ ਲੋਕ ਪੀੜਤ ਹਨ ਤੇ ਕਈਆਂ ਦੀ ਜਾਨ ਵੀ ਜਾ ਚੁੱਕੀ ਹੈ।