ਮੋਹਾਲੀ : ਜਿੱਤ ਦੀ ਦਹਿਲੀਜ਼ 'ਤੇ ਪੁੱਜ ਕੇ ਹਾਰੀ ਦਿੱਲੀ ਕੈਪੀਟਲਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਕਿਹਾ ਕਿ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਉਨ੍ਹਾਂ ਦੀ ਟੀਮ ਘਬਰਾ ਗਈ ਤੇ ਟੀਚੇ ਦਾ ਸਹੀ ਅੰਦਾਜ਼ਾ ਨਾ ਲਾ ਸਕੀ ਜਿਸ ਕਾਰਨ 14 ਦੌੜਾਂ ਨਾਲ ਹਾਰ ਸਹਿਣੀ ਪਈ। ਜਿੱਤ ਲਈ 167 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਦਿੱਲੀ ਦੀਆਂ 17ਵੇਂ ਓਵਰ ਵਿਚ ਤਿੰਨ ਵਿਕਟਾਂ 'ਤੇ 144 ਦੌੜਾਂ ਸਨ। ਸੈਮ ਕੁਰਨ ਨੇ ਹੈਟਿ੍ਕ ਲੈ ਕੇ ਦਿੱਲੀ ਨੂੰ 19.2 ਓਵਰਾਂ ਵਿਚ 152 ਦੌੜਾਂ 'ਤੇ ਆਊਟ ਕਰ ਦਿੱਤਾ। ਅਈਅਰ ਨੇ ਕਿਹਾ ਕਿ ਮੇਰੇ ਕੋਲ ਸ਼ਬਦ ਨਹੀਂ ਹਨ। ਇਹ ਅਹਿਮ ਮੈਚ ਸੀ ਤੇ ਇਸ ਸਮੇਂ ਮੈਚ ਹਾਰਨਾ ਸਾਡੇ ਲਈ ਚੰਗਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਹ ਨਿਰਾਸ਼ਾਜਨਕ ਹੈ। ਜਿਸ ਤਰ੍ਹਾਂ ਅਸੀਂ ਖੇਡ ਰਹੇ ਸੀ, ਹਰ ਗੇਂਦ 'ਤੇ ਦੌੜਾਂ ਚਾਹੀਦੀਆਂ ਸਨ ਪਰ ਇਨ੍ਹਾਂ ਹਾਲਾਤ ਵਿਚ ਅਸੀਂ ਹਾਰ ਗਏ। ਅਸੀਂ ਚਲਾਕੀ ਨਾਲ ਖੇਡ ਨਹੀਂ ਦਿਖਾਈ ਤੇ ਹਰ ਵਿਭਾਗ ਵਿਚ ਨਾਕਾਮ ਰਹੇ। ਕਪਤਾਨ ਨੇ ਕਿਹਾ ਕਿ ਅਸੀਂ ਟੀਚੇ ਦਾ ਸਹੀ ਅੰਦਾਜ਼ਾ ਨਾ ਲਾ ਸਕੇ ਤੇ ਘਬਰਾ ਗਏ। ਉਨ੍ਹਾਂ ਨੇ ਦੋ ਵਿਕਟਾਂ ਲਗਾਤਾਰ ਲੈ ਲਈਆਂ। ਕ੍ਰਿਸ ਮੌਰਿਸ ਤੇ ਰਿਸ਼ਭ ਪੰਤ ਦੇ ਆਊਟ ਹੋਣ ਤੋਂ ਬਾਅਦ ਹੀ ਅਸੀਂ ਮੈਚ ਹਾਰ ਗਏ। ਸਾਡੇ ਬੱਲੇਬਾਜ਼ਾਂ ਨੇ ਵੀ ਕੋਈ ਪਹਿਲ ਨਹੀਂ ਕੀਤੀ। ਇਸ ਤੋਂ ਪਹਿਲਾਂ ਦਿੱਲੀ ਨੇ ਕੋਲਕਾਤਾ ਨਾਈਟਰਾਈਡਰਜ਼ ਨੂੰ ਸੁਪਰ ਓਵਰ ਵਿਚ ਹਰਾਇਆ ਸੀ। ਅਈਅਰ ਨੇ ਕਿਹਾ ਕਿ ਮੈਨੂੰ ਪਤਾ ਨਹੀਂ ਲੱਗ ਰਿਹਾ ਕਿ ਕੀ ਹੋ ਗਿਆ। ਪਿਛਲੇ ਮੈਚ ਵਿਚ ਵੀ ਅਜਿਹਾ ਹੀ ਹੋਇਆ। ਸਾਨੂੰ ਕੁਝ ਪਹਿਲੂਆਂ 'ਤੇ ਮਿਹਨਤ ਕਰਨੀ ਪਵੇਗੀ ਤੇ ਗ਼ਲਤੀਆਂ ਤੋਂ ਸਬਕ ਲੈਣਾ ਪਵੇਗਾ।