ਨਵੀਂ ਦਿੱਲੀ, ਆਨਲਾਈਨ ਡੈਸਕ : ਨਿਊਜ਼ੀਲੈਂਡ ਖ਼ਿਲਾਫ 3 ਮੈਚਾਂ ਦੀ ਵਨਡੇ ਸੀਰੀਜ਼ 25 ਨਵੰਬਰ ਤੋਂ ਆਕਲੈਂਡ ’ਚ ਸ਼ੁਰੂ ਹੋਣ ਜਾ ਰਹੀ ਹੈ। ਇਸ ਸੀਰੀਜ਼ ਦਾ ਆਖ਼ਰੀ ਮੈਚ 30 ਨਵੰਬਰ ਨੂੰ ਖੇਡਿਆ ਜਾਵੇਗਾ। ਟੀਮ ਦੀ ਕਮਾਨ ਸ਼ਿਖਰ ਧਵਨ ਦੇ ਹੱਥਾਂ ’ਚ ਹੈ ਕਿਉਂਕਿ ਰੋਹਿਤ ਸਰਮਾ ਇਸ ਦੌਰੇ ’ਤੇ ਟੀਮ ਦਾ ਹਿੱਸਾ ਨਹੀਂ ਹਨ।

ਇਸ ਤੋਂ ਪਹਿਲਾਂ ਧਵਨ ਨੇ ਵੈਸਟਇੰਡੀਜ਼ ਦੌਰੇ ’ਤੇ ਟੀਮ ਦੀ ਕਪਤਾਨੀ ਕੀਤੀ ਸੀ ਅਤੇ ਫਿਰ ਜਦੋਂ ਦੱਖਣੀ ਅਫਰੀਕਾ ਦੀ ਟੀਮ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਖੇਡੀ ਸੀ ਤਾਂ ਉਸ ਸਮੇਂ ਵੀ ਧਵਨ ਦੀ ਅਗਵਾਈ ’ਚ ਹੀ ਖੇਡੀ ਸੀ। ਇਕ ਦੌਰਾ ਅਜਿਹਾ ਸੀ, ਜਦੋਂ ਆਖ਼ਰੀ ਸਮੇਂ ’ਤੇ ਉਨ੍ਹਾਂ ਨੂੰ ਕਪਤਾਨੀ ਤੋਂ ਹਟਾ ਕੇ ਕੇਐੱਲ ਰਾਹੁਲ ਨੂੰ ਟੀਮ ਦੀ ਕਮਾਨ ਸੌਂਪ ਦਿੱਤੀ ਗਈ ਸੀ। ਉਸ ਸਮੇਂ ਇਸ ਗੱਲ ਨੂੰ ਲੈ ਕੇ ਕਾਫ਼ੀ ਚਰਚਾ ਹੋਈ ਸੀ ਕਿ ਅਜਿਹਾ ਕਿਉਂ ਕੀਤਾ ਗਿਆ ਪਰ ਹੁਣ ਸ਼ਿਖਰ ਧਵਨ ਨੇ ਇਸ ਦਾ ਖੁਲਾਸਾ ਕਰ ਦਿੱਤਾ ਹੈ।

ਕਪਤਾਨੀ ਤੋਂ ਹਟਾਏ ਜਾਣ ’ਤੇ ਧਵਨ ਦੀ ਸਫ਼ਾਈ

ਨਿਊਜ਼ੀਲੈਂਡ ਖ਼ਿਲਾਫ 3 ਮੈਚਾਂ ਦੀ ਵਨਡੇ ਸੀਰੀਜ਼ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਦੌਰਾਨ ਜਦੋਂ ਉਨ੍ਹਾਂ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਖੁੱਲ੍ਹ ਕੇ ਇਸ ਦਾ ਜਵਾਬ ਦਿੱਤਾ। ਧਵਨ ਨੇ ਕਿਹਾ ਕਿ ਤੁਸੀਂ ਚੰਗਾ ਸਵਾਲ ਪੁੱਛਿਆ ਹੈ। ਮੈਂ ਆਪਣੇ ਆਪ ਨੂੰ ਖ਼ੁਸ਼ਕਿਸਮਤ ਸਮਝਦਾ ਹਾਂ ਕਿ ਮੈਨੂੰ ਆਪਣੇ ਕਰੀਅਰ ਦੇ ਇਸ ਪੜਾਅ ’ਤੇ ਟੀਮ ਦੀ ਅਗਵਾਈ ਕਰਨ ਦਾ ਮੌਕਾ ਮਿਲ ਰਿਹਾ ਹੈ। ਇਹ ਮੇਰੇ ਲਈ ਚੁਣੌਤੀ ਹੈ। ਅਸੀਂ ਨੌਜਵਾਨ ਟੀਮ ਦੇ ਨਾਲ ਵਧੀਆ ਸੀਰੀਜ਼ ਜਿੱਤੀ ਹੈ। ਜੇ ਮੈਂ ਜ਼ਿੰਬਾਬਵੇ ਦੌਰੇ ਦੀ ਗੱਲ ਕਰਾਂ ਤਾਂ ਕੇਐੱਲ ਰਾਹੁਲ ਸਾਡੀ ਟੀਮ ਦੇ ਉਪ-ਕਪਤਾਨ ਸਨ, ਜਦੋਂ ਉਹ ਵਾਪਸ ਆਏ ਤਾਂ ਮੈਨੂੰ ਇਸ ਗਲ ਦਾ ਧਿਆਨ ਸੀ ਕਿ ਉਨ੍ਹਾਂ ਨੇ ਏਸ਼ੀਆ ਕੱਪ ’ਚ ਜਾਣਾ ਹੈ। ਜੇ ਏਸ਼ੀਆ ਕੱਪ ਦੌਰਾਨ ਰੋਹਿਤ ਜ਼ਖਮੀ ਹੋ ਜਾਂਦੇ ਤਾਂ ਕੇਐੱਲ ਨੂੰ ਅਗਵਾਈ ਕਰਨ ਲਈ ਕਿਹਾ ਜਾ ਸਕਦਾ ਸੀ, ਇਸ ਲਈ ਮੈਂ ਸੋਚਿਆ ਕਿ ਬਿਹਤਰ ਹੈ ਕਿ ਉਹ ਜ਼ਿੰਬਾਬਵੇ ਦੌਰੇ ਦੌਰਾਨ ਅਭਿਆਸ ਕਰੇ।

ਉਨ੍ਹਾਂ ਕਿਹਾ ਕਿ ਮੈਨੂੰ ਇਸ ਨਾਲ ਕੋਈ ਠੇਸ ਨਹੀਂ ਪਹੁੰਚੀ। ਮੇਰਾ ਅੰਦਾਜ਼ਾ ਹੈ ਕਿ ਜਦੋਂ ਵੀ ਅਜਿਹਾ ਹੁੰਦਾ ਹੈ, ਇਹ ਸਭ ਤੋਂ ਵਧੀਆ ਲਈ ਹੁੰਦਾ ਹੈ। ਮੈਨੂੰ ਦੱਖਣੀ ਅਫਰੀਕਾ ਸੀਰੀਜ਼ ਲਈ ਇਕ ਵਾਰ ਫਿਰ ਟੀਮ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ। ਮੈਨੂੰ ਕਦੇ ਵੀ ਬੁਰਾ ਨਹੀਂ ਲੱਗਿਆ।

Posted By: Harjinder Sodhi