ਦੁਬਈ (ਪੀਟੀਆਈ) : ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਸ੍ਰੀਲੰਕਾ ਖ਼ਿਲਾਫ਼ ਪਹਿਲੇ ਮੈਚ ਵਿਚ ਅਜੇਤੂ ਅਰਧ ਸੈਂਕੜੇ ਦੀ ਪਾਰੀ ਤੋਂ ਬਾਅਦ ਦੋ ਸਥਾਨ ਦੇ ਫ਼ਾਇਦੇ ਨਾਲ ਬੁੱਧਵਾਰ ਨੂੰ ਜਾਰੀ ਤਾਜ਼ਾ ਆਈਸੀਸੀ ਵਨ ਡੇ ਰੈਂਕਿੰਗ ਵਿਚ 16ਵੇਂ ਸਥਾਨ 'ਤੇ ਪੁੱਜ ਗਏ ਹਨ ਜਦਕਿ ਵਿਰਾਟ ਕੋਹਲੀ ਦੂਜੇ ਸਥਾਨ 'ਤੇ ਕਾਇਮ ਹਨ। ਧਵਨ ਕੋਲੰਬੋ ਵਿਚ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਦੇ ਪਹਿਲੇ ਮੁਕਾਬਲੇ ਵਿਚ ਅਜੇਤੂ 86 ਦੌੜਾਂ ਦੀ ਮਦਦ ਨਾਲ 712 ਰੇਟਿੰਗ ਅੰਕਾਂ ਤਕ ਪੁੱਜ ਗਏ ਜਿਸ ਨਾਲ ਉਨ੍ਹਾਂ ਨੂੰ ਦੋ ਸਥਾਨ ਦਾ ਫ਼ਾਇਦਾ ਹੋਇਆ ਹੈ ਜਦਕਿ ਕੋਹਲੀ ਦੇ 848 ਅੰਕ ਹਨ। ਭਾਰਤ ਦੇ ਇਕ ਹੋਰ ਸੀਨੀਅਰ ਬੱਲੇਬਾਜ਼ ਰੋਹਿਤ ਸ਼ਰਮਾ 817 ਅੰਕਾਂ ਨਾਲ ਸੂਚੀ ਵਿਚ ਤੀਜੇ ਸਥਾਨ 'ਤੇ ਹਨ। ਪਾਕਿਸਤਾਨ ਦੇ ਬਾਬਰ ਆਜ਼ਮ (873) ਚੋਟੀ 'ਤੇ ਹਨ। ਰੈਂਕਿੰਗ ਵਿਚ ਜ਼ਿੰਬਾਬਵੇ ਤੇ ਬੰਗਲਾਦੇਸ਼ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼, ਦੱਖਣੀ ਅਫਰੀਕਾ ਤੇ ਆਇਰਲੈਂਡ ਵਿਚਾਲੇ ਤੀਜਾ ਮੈਚ ਤੇ ਭਾਰਤ ਤੇ ਸ੍ਰੀਲੰਕਾ ਵਿਚਾਲੇ ਪਹਿਲੇ ਦੋ ਵਨ ਡੇ ਦੇ ਨਤੀਜਿਆਂ ਨੂੰ ਦੇਖਿਆ ਗਿਆ ਹੈ। ਗੇਂਦਬਾਜ਼ਾਂ ਵਿਚ ਭਾਰਤ ਦੇ ਯੁਜਵਿੰਦਰ ਸਿੰਘ ਚਹਿਲ (ਚਾਰ ਸਥਾਨ ਦੇ ਫ਼ਾਇਦੇ ਨਾਲ 20ਵੇ ਂਸਥਾਨ 'ਤੇ), ਸ੍ਰੀਲੰਕਾ ਦੇ ਵਾਨਿੰਦੁ ਹਸਰੰਗਾ (22 ਸਥਾਨ ਦੇ ਫ਼ਾਇਦੇ ਨਾਲ 36ਵੇਂ ਸਥਾਨ 'ਤੇ), ਦੱਖਣੀ ਅਫਰੀਕਾ ਦੇ ਤਬਰੇਜ ਸ਼ਮਸੀ (ਅੱਠ ਸਥਾਨ ਦੇ ਫ਼ਾਇਦੇ ਨਾਲ 39ਵੇਂ ਸਥਾਨ 'ਤੇ), ਆਇਰਲੈਂਡ ਦੇ ਸਿਮੀ ਸਿੰਘ (51ਵੇਂ ਸਥਾਨ 'ਤੇ) ਤੇ ਜ਼ਿੰਬਾਬਵੇ ਦੇ ਬਲੇਸਿੰਗ ਮੁਜਾਰਬਾਨੀ (70ਵੇਂ ਸਥਾਨ 'ਤੇ) ਉੱਪਰ ਵਧਣ ਵਿਚ ਕਾਮਯਾਬ ਰਹੇ।

ਟੀ-20 'ਚ ਰਿਜ਼ਵਾਨ ਤੇ ਲਿਵਿੰਗਸਟੋਨ ਨੂੰ ਫ਼ਾਇਦਾ :

ਆਈਸੀਸੀ ਟੀ-20 ਰੈਂਕਿੰਗ ਵਿਚ ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਮੁਹੰਮਦ ਰਿਜ਼ਵਾਨ ਤੇ ਇੰਗਲੈਂਡ ਦੇ ਮੱਧ ਕ੍ਰਮ ਬੱਲੇਬਾਜ਼ ਲਿਆਮ ਲਿਵਿੰਗਸਟੋਨ ਨੂੰ ਕਾਫੀ ਫ਼ਾਇਦਾ ਮਿਲਿਆ ਹੈ ਜੋ ਆਪਣੀਆਂ ਟੀਮਾਂ ਲਈ ਤਿੰਨ ਮੈਚਾਂ ਦੀ ਸੀਰੀਜ਼ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਰਹੇ ਜਿਸ ਵਿਚ ਇੰਗਲੈਂਡ ਨੇ 2-1 ਨਾਲ ਸੀਰੀਜ਼ ਜਿੱਤੀ ਸੀ। ਵਿਕਟਕੀਪਰ ਬੱਲੇਬਾਜ਼ ਰਿਜ਼ਵਾਨ ਆਪਣੇ ਕਰੀਅਰ ਦੀ ਸਰਬੋਤਮ ਸੱਤਵੀਂ ਰੈਂਕਿੰਗ 'ਤੇ ਪੁੱਜ ਗਏ ਹਨ। ਉਨ੍ਹਾਂ ਨੇ ਸੀਰੀਜ਼ ਦੇ ਆਖ਼ਰੀ ਮੈਚ ਵਿਚ ਅਜੇਤੂ 76 ਦੌੜਾਂ ਨਾਲ ਕੁੱਲ 176 ਦੌੜਾਂ ਜੋੜੀਆਂ ਸਨ ਜਿਸ ਨਾਲ ਉਨ੍ਹਾਂ ਨੂੰ ਚਾਰ ਸਥਾਨ ਦਾ ਫ਼ਾਇਦਾ ਹੋਇਆ। ਲਿਵਿੰਗਸਟੋਨ ਨੇ 144 ਸਥਾਨ ਦੀ ਛਾਲ ਲਾਈ ਤੇ ਉਹ 27ਵੇਂ ਸਥਾਨ 'ਤੇ ਪੁੱਜ ਗਏ ਹਨ । ਉਨ੍ਹਾਂ ਨੇ ਚਾਰ ਸਾਲ ਪਹਿਲਾਂ ਦੱਖਣੀ ਅਫਰੀਕਾ ਖ਼ਿਲਾਫ਼ ਆਪਣੀ ਸ਼ੁਰੂ4ਾਤ ਤੋਂ ਬਾਅਦ ਸਿਰਫ਼ ਅੱਠ ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। 27 ਸਾਲ ਦੇ ਇਸ ਖਿਡਾਰੀ ਨੇ ਪਾਕਿਸਤਾਨ ਖ਼ਿਲਾਫ਼ ਆਪਣੇ ਪਹਿਲੇ ਅੰਤਰਰਾਸ਼ਟਰੀ ਸੈਂਕੜੇ (43 ਗੇਂਦਾਂ ਵਿਚ 103 ਦੌੜਾਂ) ਨਾਲ ਕੁੱਲ 147 ਦੌੜਾਂ ਜੋੜੀਆਂ।