ਕੋਲੰਬੋ (ਪੀਟੀਆਈ) : ਸ੍ਰੀਲੰਕਾ ਦੌਰੇ 'ਤੇ ਭਾਰਤੀ ਟੀਮ ਦੀ ਕਮਾਨ ਸੰਭਾਲ ਰਹੇ ਸ਼ਿਖਰ ਧਵਨ ਨੇ ਕਿਹਾ ਹੈ ਕਿ ਕਪਤਾਨ ਦਾ ਕੰਮ ਸਾਰਿਆਂ ਨੂੰ ਇਕਜੁਟ ਤੇ ਮਾਨਸਿਕ ਤੌਰ 'ਤੇ ਚੰਗੀ ਸਿਹਤ ਵਿਚ ਰੱਖਣਾ ਹੈ। ਧਵਨ ਦੀ ਕਪਤਾਨੀ ਵਿਚ ਭਾਰਤ ਦਾ ਸ੍ਰੀਲੰਕਾ ਦੌਰਾ 18 ਜੁਲਾਈ ਤੋਂ ਸ਼ੁਰੂ ਹੋਵੇਗਾ ਜਿਸ ਵਿਚ ਟੀਮ ਨੇ ਤਿੰਨ ਵਨ ਡੇ ਤੇ ਇੰਨੇ ਹੀ ਟੀ-20 ਮੈਚ ਖੇਡਣੇ ਹਨ। ਧਵਨ ਨੇ ਕਿਹਾ ਕਿ ਇਹ ਮੇਰੇ ਲਈ ਵੱਡੀ ਉਪਲੱਬਧੀ ਹੈ ਕਿ ਮੈਂ ਭਾਰਤੀ ਟੀਮ ਦਾ ਕਪਤਾਨ ਬਣਿਆ ਹਾਂ। ਇਕ ਆਗੂ ਦੇ ਰੂਪ ਵਿਚ ਮੈਂ ਚਾਹੁੰਦਾ ਹਾਂ ਕਿ ਸਾਰੇ ਇਕੱਠੇ ਤੇ ਖ਼ੁਸ਼ ਰਹਿਣ। ਇਹ ਸਭ ਤੋਂ ਮਹੱਤਵਪੂਰਨ ਚੀਜ਼ ਹੈ। ਸਾਡੇ ਕੋਲ ਚੰਗੀ ਟੀਮ, ਸ਼ਾਨਦਾਰ ਸਹਿਯੋਗੀ ਸਟਾਫ ਹੈ ਤੇ ਅਸੀਂ ਪਹਿਲਾਂ ਵੀ ਇਕੱਠੇ ਕੰਮ ਕੀਤਾ ਹੈ। ਧਵਨ ਨੇ ਕਿਹਾ ਕਿ ਸਾਬਕਾ ਦਿੱਗਜ ਬੱਲੇਬਾਜ਼ ਰਾਹੁਲ ਦ੍ਰਾਵਿੜ ਨਾਲ ਉਨ੍ਹਾਂ ਦੇ ਰਿਸ਼ਤੇ ਚੰਗੇ ਹਨ ਜਿਨ੍ਹਾਂ ਨੂੰ ਸ੍ਰੀਲੰਕਾ ਦੌਰੇ ਲਈ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਧਵਨ ਨੇ ਕਿਹਾ ਕਿ ਜਦ ਮੈਂ ਰਣਜੀ ਟਰਾਫੀ 'ਚ ਖੇਡਣਾ ਸ਼ੁਰੂ ਕੀਤਾ ਤਾਂ ਮੈਂ ਉਨ੍ਹਾਂ ਖ਼ਿਲਾਫ਼ ਖੇਡਿਆ ਤੇ ਤਦ ਤੋਂ ਉਨ੍ਹਾਂ ਨੂੰ ਜਾਣਦਾ ਹਾਂ। ਜਦ ਮੈਂ ਭਾਰਤ-ਏ ਵੱਲੋਂ ਖੇਡਿਆ ਤਾਂ ਮੈਂ ਕਪਤਾਨ ਤੇ ਉਹ ਕੋਚ ਸਨ।