ਦੁਬਈ (ਪੀਟੀਆਈ) : ਭਾਰਤ ਦੀ ਸਲਾਮੀ ਬੱਲੇਬਾਜ਼ ਸ਼ੇਫਾਲੀ ਵਰਮਾ ਮੰਗਲਵਾਰ ਨੂੰ ਜਾਰੀ ਆਈਸੀਸੀ ਦੀ ਮਹਿਲਾ ਟੀ-20 ਬੱਲੇਬਾਜ਼ੀ ਰੈਂਕਿੰਗ ਵਿਚ ਇਕ ਸਥਾਨ ਦੇ ਨੁਕਸਾਨ ਨਾਲ ਦੂਜੇ ਸਥਾਨ 'ਤੇ ਖਿਸਕ ਗਈ ਜਦਕਿ ਉਨ੍ਹਾਂ ਦੀ ਹਮਵਤਨ ਸਮਿ੍ਤੀ ਮੰਧਾਨਾ ਤੀਜੇ ਸਥਾਨ 'ਤੇ ਕਾਇਮ ਹੈ। ਸ਼ੇਫਾਲੀ ਦੇ 726 ਰੇਟਿੰਗ ਅੰਕ ਹਨ, ਜਦਕਿ ਮੰਧਾਨਾ ਦੇ 709 ਅੰਕ ਹਨ। ਆਸਟ੍ਰੇਲੀਆ ਦੀ ਬੇਥ ਮੂਨੀ 754 ਅੰਕਾਂ ਨਾਲ ਸਿਖਰ 'ਤੇ ਕਾਇਮ ਹੈ। ਬੱਲੇਬਾਜ਼ੀ ਰੈਂਕਿੰਗ ਵਿਚ ਆਸਟ੍ਰੇਲੀਆ ਦਾ ਦਬਦਬਾ ਹੈ। ਮੂਨੀ ਤੋਂ ਇਲਾਵਾ ਕਪਤਾਨ ਮੇਗ ਲੇਨਿੰਗ (ਚੌਥੇ) ਤੇ ਏਲਿਸਾ ਹੀਲੀ (ਛੇਵੇਂ) ਵੀ ਚੋਟੀ ਦੇ 10 ਵਿਚ ਸ਼ਾਮਲ ਹੈ। ਨਿਊਜ਼ੀਲੈਂਡ ਦੀ ਸੋਫੀ ਡਿਵਾਈਨ ਤੇ ਸੂਜੀ ਬੇਟਸ ਕ੍ਰਮਵਾਰ ਪੰਜਵੇਂ ਤੇ ਸੱਤਵੇਂ ਸਥਾਨ 'ਤੇ ਹਨ। ਭਾਰਤ ਖ਼ਿਲਾਫ਼ ਪਹਿਲਾ ਟੀ-20 ਮੈਚ ਬਾਰਿਸ਼ ਦੀ ਭੇਟ ਚੜ੍ਹਣ ਤੋਂ ਬਾਅਦ ਮੂਨੀ ਨੇ ਬਾਕੀ ਦੋ ਮੈਚਾਂ ਵਿਚ 34 ਤੇ 61 ਦੌੜਾਂ ਦੀਆਂ ਪਾਰੀਆਂ ਖੇਡੀਆਂ ਜਿਸ ਨਾਲ ਆਸਟ੍ਰੇਲੀਆ ਨੇ ਜਿੱਤ ਦਰਜ ਕੀਤੀ। ਮੂਨੀ ਦੀ ਟੀਮ ਦੀ ਸਾਥੀ ਸੋਫੀ ਮੋਲਿਨਿਊ ਨੂੰ ਵੀ ਨਵੀਂ ਰੈਂਕਿੰਗ ਵਿਚ ਕਾਫੀ ਫ਼ਾਇਦਾ ਹੋਇਆ ਹੈ। ਉਹ 12 ਸਥਾਨ ਦੀ ਲੰਬੀ ਛਾਲ ਨਾਲ ਨੌਵੇਂ ਸਥਾਨ 'ਤੇ ਰਹਿੰਦੇ ਹੋਏ ਗੇਂਦਬਾਜ਼ਾਂ ਦੀ ਸੂਚੀ ਵਿਚ ਟਾਪ-10 ਵਿਚ ਥਾਂ ਬਣਾਉਣ ਵਿਚ ਕਾਮਯਾਬ ਰਹੀ। ਸੋਫੀ ਨੇ ਸੀਰੀਜ਼ ਵਿਚ 5.60 ਦੀ ਇਕਾਨਮੀ ਦਰ ਨਾਲ ਤਿੰਨ ਵਿਕਟਾਂ ਹਾਸਲ ਕੀਤੀਆਂ ਹਨ ਜਿਸ ਨਾਲ ਭਾਰਤੀ ਟੀਮ ਆਖ਼ਰੀ ਦੋ ਮੈਚਾਂ ਵਿਚ ਵੱਡਾ ਸਕੋਰ ਖੜ੍ਹਾ ਨਹੀਂ ਕਰ ਸਕੀ। ਦੋ ਪਾਰੀਆਂ ਵਿਚ ਪੰਜ ਵਿਕਟਾਂ ਨਾਲ ਸੀਰੀਜ਼ ਦੀ ਸਭ ਤੋਂ ਕਾਮਯਾਬ ਗੇਂਦਬਾਜ਼ ਰਹੀ ਭਾਰਤ ਦੀ ਰਾਜੇਸ਼ਵਰੀ ਗਾਇਕਵਾੜ 12ਵੇਂ ਸਥਾਨ 'ਤੇ ਪੁੱਜ ਗਈ ਹੈ। ਐਸ਼ਲੇਗ ਗਾਰਡਨਰ ਹਰਫ਼ਨਮੌਲਾ ਦੀ ਸੂਚੀ ਵਿਚ 10ਵੇਂ ਸਥਾਨ 'ਤੇ ਹੈ। ਉਹ ਆਸਟ੍ਰੇਲੀਆ ਵੱਲੋਂ ਸਭ ਤੋਂ ਕਾਮਯਾਬ ਗੇਂਦਬਾਜ਼ ਰਹੀ।