ਨਵੀਂ ਦਿੱਲੀ : ਭਾਰਤ ਦੇ ਸਾਬਕਾ ਓਪਨਰ ਗੌਤਮ ਗੰਭੀਰ ਤੇ ਤੇਜ਼ ਗੇਂਦਬਾਜ਼ ਐੱਸ ਸ਼੍ਰੀਸੰਤ ਨੇ ਕਾਂਗਰਸ ਨੇਤਾ ਸ਼ਸ਼ੀ ਥਰੂਰ ਵੱਲੋਂ ਰਾਜਸਥਾਨ ਰਾਇਲਜ਼ ਦੇ ਬੱਲੇਬਾਜ਼ ਸੰਜੂ ਸੈਮਸਨ ਦੀ ਮਹਿੰਦਰ ਸਿੰਘ ਧੋਨੀ ਨਾਲ ਤੁਲਨਾ ਨਾ ਕਰਨ ਦੀ ਸਲਾਹ ਦਿੱਤੀ ਹੈ। ਆਈਪੀਐੱਲ 'ਚ ਸੈਮਸਨ ਨੇ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ 85 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਦੀ ਇਸ ਪਾਰੀ ਨਾਲ ਰਾਜਸਥਾਨ ਰਾਇਲਜ਼ ਨੇ 224 ਦੌੜਾਂ ਦੇ ਟੀਚੇ ਨੂੰ ਤਿੰਨ ਗੇਂਦਾਂ ਬਾਕੀ ਰਹਿੰਦਿਆਂ ਪੂਰਾ ਕਰ ਲਿਆ ਤੇ ਮੈਚ ਚਾਰ ਵਿਕਟਾਂ ਨਾਲ ਜਿੱਤ ਕੇ ਆਪਣੇ ਨਾਂ ਕਰ ਲਿਆ।

ਸੈਮਸਨ ਦੀ ਇਸ ਪਾਰੀ ਨੂੰ ਲੈ ਕੇ ਸ਼ਸ਼ੀ ਥਰੂਰ ਨੇ ਕਿਹਾ ਕਿ ਮੈਂ ਸੰਜੂ ਸੈਮਸਨ ਨੂੰ ਇਕ ਦਹਾਕੇ ਤੋਂ ਜਾਣਦਾ ਹਾਂ। ਜਦੋਂ ਉਹ 14 ਸਾਲਾਂ ਦਾ ਸੀ ਤਾਂ ਮੈਂ ਉਸ ਨੂੰ ਕਿਹਾ ਸੀ ਕਿ ਇਕ ਦਿਨ ਉਹ ਐੱਮਐੱਸ ਧੋਨੀ ਹੋਵੇਗਾ। ਉਹ ਦਿਨ ਆ ਗਿਆ ਹੈ। ਇਸ ਆਈਪੀਐੱਲ 'ਚ ਉਸ ਦੀਆਂ ਦੋ ਸ਼ਾਨਦਾਰ ਪਾਰੀਆਂ ਤੋਂ ਬਾਅਦ ਤੁਹਾਨੂੰ ਇਕ ਵਿਸ਼ਵ ਪੱਧਰੀ ਖਿਡਾਰੀ ਦੇ ਆਉਣ ਬਾਰੇ ਪਤਾ ਲੱਗ ਗਿਆ ਹੈ। ਉਨ੍ਹਾਂ ਦੀ ਇਸ ਪ੍ਰਤੀਕਿਰਿਆ 'ਤੇ ਗੰਭੀਰ ਤੇ ਸ਼੍ਰੀਸੰਤ ਨੇ ਉਨ੍ਹਾਂ ਨੂੰ ਸੈਮਸਨ ਤੇ ਧੋਨੀ ਦੀ ਤੁਲਨਾ ਨਾ ਕਰਨ ਦੀ ਬੇਨਤੀ ਕੀਤੀ ਹੈ।

ਪੰਜਾਬ ਖ਼ਿਲਾਫ਼ ਮੈਚ ਉਨ੍ਹਾਂ ਨੇ 42 ਗੇਂਦਾਂ 'ਤੇ ਚਾਰ ਚੌਕੇ ਤੇ ਸੱਤ ਛੱਕਿਆਂ ਦੀ ਮਦਦ ਨਾਲ 85 ਦੌੜਾਂ ਬਣਾਈਆਂ। ਉਨ੍ਹਾਂ ਦਾ ਸਟਰਾਈਕ ਰੇਟ 202.38 ਰਿਹਾ। ਇਸ ਨਾਲ ਆਈਪੀਐੱਲ ਸੀਜ਼ਨ 13 ਦੇ ਪਹਿਲੇ ਮੈਚ 'ਚ ਸੰਜੂ ਸੈਮਸਨ ਨੇ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ 74 ਦੋੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ।

Posted By: Harjinder Sodhi