ਨਵੀਂ ਦਿੱਲੀ (ਪੀਟੀਆਈ) : ਸੰਯੁਕਤ ਅਰਬ ਅਮੀਰਾਤ (ਯੂਏਈ) ਤੇ ਓਮਾਨ ਵਿਚ 17 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਵਿਚ ਬੁੱਧਵਾਰ ਨੂੰ ਅਕਸ਼ਰ ਪਟੇਲ ਦੀ ਥਾਂ ਤੇਜ਼ ਗੇਂਦਬਾਜ਼ੀ ਹਰਫ਼ਨਮੌਲਾ ਸ਼ਾਰਦੁਲ ਠਾਕੁਰ ਨੂੰ ਸ਼ਾਮਲ ਕੀਤਾ ਗਿਆ ਹੈ। 29 ਸਾਲ ਦੇ ਸ਼ਾਰਦੁਲ ਨੇ ਯੂਏਈ ਵਿਚ ਜਾਰੀ ਆਈਪੀਐੱਲ 'ਚ ਸੀਐੱਸਕੇ ਲਈ 18 ਵਿਕਟਾਂ ਲੈ ਕੇ ਪ੍ਰਭਾਵਿਤ ਕੀਤਾ ਹੈ। ਹਾਲਾਂਕਿ ਅਕਸ਼ਰ ਸਟੈਂਡਬਾਈ ਦੇ ਰੂਪ ਵਿਚ ਟੀਮ ਵਿਚ ਬਣੇ ਰਹਿਣਗੇ ਤੇ ਜੇ ਰਵਿੰਦਰ ਜਡੇਜਾ ਜ਼ਖ਼ਮੀ ਹੋ ਜਾਂਦੇ ਹਨ ਤਾਂ ਉਹ ਉਨ੍ਹਾਂ ਦੇ ਕਵਰ ਦੇ ਰੂਪ ਵਿਚ ਮੁੱਖ ਟੀਮ ਵਿਚ ਸ਼ਾਮਲ ਹੋ ਜਾਣਗੇ। ਬੀਸੀਸੀਆਈ ਦੇ ਸਕੱਤਰ ਜੈਅ ਸ਼ਾਹਲ ਨੇ ਕਿਹਾ ਕਿ ਸਰਬ ਭਾਰਤੀ ਸੀਨੀਅਰ ਚੋਣ ਕਮੇਟੀ ਨੇ ਟੀਮ ਮੈਨੇਜਮੈਂਟ ਦੇ ਨਾਲ ਗੱਲਬਾਤ ਤੋਂ ਬਾਅਦ ਸ਼ਾਰਦੁਲ ਠਾਕੁਰ ਨੂੰ ਮੁੱਖ ਟੀਮ ਵਿਚ ਸ਼ਾਮਲ ਕੀਤਾ ਹੈ। ਚੋਣਕਾਰਾਂ ਨੇ ਹਰਸ਼ਲ ਪਟੇਲ ਨੂੰ ਵੀ ਭਾਰਤੀ ਟੀਮ ਦੇ ਨੈੱਟ ਗੇਂਦਬਾਜ਼ਾਂ ਵਿਚ ਸ਼ਾਮਲ ਕੀਤਾ ਹੈ। ਕੁਝ ਖਿਡਾਰੀ ਜਿਵੇਂ ਆਵੇਸ਼ ਖਾਨ, ਉਮਰਾਨ ਮਲਿਕ, ਹਰਸ਼ਲ ਪਟੇਲ, ਲੁਕਮਾਨ ਮੇਰੀਵਾਲਾ, ਵੈਂਕਟੇਸ਼ ਅਈਅਰ, ਕਰਨ ਸ਼ਰਮਾ, ਸ਼ਾਹਬਾਜ਼ ਅਹਿਮਦ ਤੇ ਕੇ ਗੌਤਮ ਟੀਮ ਇੰਡੀਆ ਦੀਆਂ ਤਿਆਰੀਆਂ ਵਿਚ ਮਦਦ ਕਰਨਗੇ।

ਸ਼ਾਮਲ ਕੀਤੇ ਖਿਡਾਰੀ :

ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉੱਪ ਕਪਤਾਨ), ਕੇਐੱਲ ਰਾਹੁਲ, ਸੂਰਿਆ ਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਇਸ਼ਾਨ ਕਿਸ਼ਨ, ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ, ਰਾਹੁਲ ਚਾਹਰ, ਰਵੀਚੰਦਰਨ ਅਸ਼ਵਿਨ, ਸ਼ਾਰਦੁਲ ਠਾਕੁਰ, ਵਰੁਣ ਚੱਕਰਵਰਤੀ, ਜਸਪ੍ਰਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ਮੀ।