ਵੇਲਿੰਗਟਨ (ਪੀਟੀਆਈ) : ਨਿਊਜ਼ੀਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੇਨ ਬਾਂਡ ਨੇ ਕਿਹਾ ਹੈ ਕਿ ਉਨ੍ਹਾਂ ਦੀ ਟੀਮ ਨੇ ਜਿਸ ਤਰ੍ਹਾਂ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਰਵਾਇਤੀ ਤਰੀਕੇ ਨਾਲ ਸਾਹਮਣਾ ਕੀਤਾ ਉਸ ਨਾਲ ਦੂਜੀਆਂ ਟੀਮਾਂ ਸਿੱਖਿਆ ਲੈਣਗੀਆਂ। ਬੁਮਰਾਹ ਨਿਊਜ਼ੀਲੈਂਡ ਖ਼ਿਲਾਫ਼ ਵਨ ਡੇ ਸੀਰੀਜ਼ ਵਿਚ ਇਕ ਵੀ ਵਿਕਟ ਨਹੀਂ ਲੈ ਸਕੇ ਸਨ। ਸੀਰੀਜ਼ ਵਿਚ ਉਮੀਦ ਮੁਤਾਬਕ ਪ੍ਰਦਰਸ਼ਨ ਕਰਨ ਵਿਚ ਨਾਕਾਮ ਰਹਿਣ 'ਤੇ ਬੁਮਰਾਹ ਨੂੰ ਨਿੰਦਾ ਦਾ ਸਾਹਮਣਾ ਕਰਨਾ ਪਿਆ ਪਰ ਬਾਂਡ ਨੇ ਉਨ੍ਹਾਂ ਦਾ ਬਚਾਅ ਕੀਤਾ। ਬਾਂਡ ਨੇ ਕਿਹਾ ਕਿ ਜਦ ਤੁਹਾਡੇ ਕੋਲ ਜਸਪ੍ਰੀਤ ਬੁਮਰਾਹ ਵਰਗਾ ਗੇਂਦਬਾਜ਼ ਹੋਵੇ ਤਾਂ ਜ਼ਾਹਰ ਹੈ ਕਿ ਉਸ ਤੋਂ ਕਾਫੀ ਉਮੀਦਾਂ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਨਿਊਜ਼ੀਲੈਂਡ ਨੇ ਉਨ੍ਹਾਂ ਨੂੰ ਖ਼ਤਰਾ ਮੰਨਿਆ ਤੇ ਉਨ੍ਹਾਂ ਦਾ ਸਾਹਮਣਾ ਸਹੀ ਤਰੀਕੇ ਨਾਲ ਕੀਤਾ। ਉਨ੍ਹਾਂ ਨੇ ਉਨ੍ਹਾਂ ਦਾ ਰਵਾਇਤੀ ਤਰੀਕੇ ਨਾਲ ਸਾਹਮਣਾ ਕੀਤਾ। ਬੁਮਰਾਹ ਦੇ ਨਾਲ ਟੀਮ ਵਿਚ ਘੱਟ ਤਜਰਬੇਕਾਰ ਗੇਂਦਬਾਜ਼ ਨਵਦੀਪ ਸੈਣੀ ਤੇ ਸ਼ਾਰਦੁਲ ਠਾਕੁਰ ਸਨ ਜਿਸ ਦਾ ਫ਼ਾਇਦਾ ਨਿਊਜ਼ੀਲੈਂਡ ਨੂੰ ਹੋਇਆ। ਉਨ੍ਹਾਂ ਨੇ ਕਿਹਾ ਕਿ ਹੁਣ ਹਰ ਟੀਮ ਉਨ੍ਹਾਂ ਨੂੰ ਖ਼ਤਰੇ ਵਾਂਗ ਦੇਖੇਗੀ ਤੇ ਦੂਜੇ ਗੇਂਦਬਾਜ਼ ਖ਼ਿਲਾਫ਼ ਹਮਲਾਵਰ ਰੁਖ਼ ਅਪਣਾਏਗੀ। ਬਾਂਡ ਨੇ ਹਾਲਾਂਕਿ ਕਿਹਾ ਕਿ ਭਾਰਤੀ ਟੀਮ ਵਨ ਡੇ ਸੀਰੀਜ਼ 0-3 ਨਾਲ ਹਾਰ ਗਈ ਪਰ ਬੁਮਰਾਹ ਦੀ ਗੇਂਦਬਾਜ਼ੀ ਬੁਰੀ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਤੁਸੀਂ ਮੈਚ ਵਿਚ ਚੰਗਾ ਕਰਨਾ ਚਾਹੁੰਦੇ ਹੋ। ਉਨ੍ਹਾਂ ਨੇ ਚੰਗੀ ਗੇਂਦਬਾਜ਼ੀ ਕੀਤੀ ਪਰ ਕਈ ਵਾਰ ਤੁਹਾਨੂੰ ਵਿਕਟ ਨਹੀਂ ਮਿਲਦੀ।

ਟੈਸਟ ਸੀਰੀਜ਼ 'ਚ ਜਸਪ੍ਰੀਤ ਕਰਨਗੇ ਵਾਪਸੀ :

ਆਈਪੀਐੱਲ 'ਚ ਮੁੰਬਈ ਇੰਡੀਅਨਜ਼ ਦੇ ਗੇਂਦਬਾਜ਼ੀ ਕੋਚ ਵਜੋਂ ਬੁਮਰਾਹ ਦੇ ਨਾਲ ਸਮਾਂ ਬਿਤਾਉਣ ਵਾਲੇ ਬਾਂਡ ਨੇ ਕਿਹਾ ਕਿ ਇਹ ਭਾਰਤੀ ਗੇਂਦਬਾਜ਼ ਦੋ ਟੈਸਟ ਮੈਚਾਂ ਦੀ ਅਗਲੀ ਸੀਰੀਜ਼ ਵਿਚ 'ਕਾਫੀ ਅਸਰਦਾਰ' ਰਹੇਗਾ। ਜਦ ਤੁਸੀਂ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਵਾਪਸੀ ਕਰਦੇ ਹੋ ਤਾਂ ਲੈਅ ਹਾਸਲ ਕਰਨਾ ਹਮੇਸ਼ਾ ਮੁਸ਼ਕਲ ਹੁੰਦਾ ਹੈ। ਉਸ ਨੂੰ ਇਸ ਸੀਰੀਜ਼ ਤੋਂ ਪਹਿਲਾਂ ਜ਼ਿਆਦਾ ਮੈਚਾਂ ਵਿਚ ਖੇਡਣ ਦਾ ਮੌਕਾ ਨਹੀਂ ਮਿਲਿਆ। ਬਾਂਡ ਨੂੰ ਉਮੀਦ ਹੈ ਕਿ ਵਿਲੀਅਮਸਨ ਪੰਜ ਤੇਜ਼ ਗੇਂਦਬਾਜ਼ਾਂ ਨਾਲ ਮੈਚ ਵਿਚ ਜਾਣਗੇ।