ਢਾਕਾ (ਪੀਟੀਆਈ) : ਬੰਗਲਾਦੇਸ਼ ਦੇ ਨੰਬਰ ਇਕ ਕ੍ਰਿਕਟਰ ਸ਼ਾਕਿਬ ਅਲ ਹਸਨ ਦਾ ਮੰਨਣਾ ਹੈ ਕਿ ਆਈਪੀਐੱਲ ਟੀਮਾਂ ਦੇ ਡ੍ਰੈਸਿੰਗ ਰੂਮ ਵਿਚ ਉਨ੍ਹਾਂ ਦੀ ਤੇ ਰਾਸ਼ਟਰੀ ਟੀਮ ਦੇ ਉਨ੍ਹਾਂ ਦੇ ਸਾਥੀ ਤੇਜ਼ ਗੇਂਦਬਾਜ਼ ਮੁਸਤਫਿਜੁਰ ਰਹਿਮਾਨ ਦੀ ਮੌਜੂਦਗੀ ਨਾਲ ਓਮਾਨ ਤੇ ਯੂਏਈ ਵਿਚ 17 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿਚ ਉਨ੍ਹਾਂ ਦੇ ਦੇਸ਼ ਦੀ ਟੀਮ ਨੂੰ ਮਦਦ ਮਿਲੇਗੀ। ਸ਼ਾਕਿਬ ਆਈਪੀਐੱਲ ਵਿਚ ਕੋਲਕਾਤਾ ਨਾਈਟ ਰਾਈਡਰਜ਼, ਜਦਕਿ ਮੁਸਤਫਿਜੁਰ ਰਾਜਸਥਾਨ ਰਾਇਲਜ਼ ਵੱਲੋਂ ਖੇਡਣਗੇ। ਸ਼ਾਕਿਬ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਆਈਪੀਐੱਲ ਨਾਲ ਸਾਰਿਆਂ ਨੂੰ ਮਦਦ ਮਿਲੇਗੀ। ਸਾਨੂੰ ਉਨ੍ਹਾਂ ਹਾਲਾਤ ਵਿਚ ਸਮਾਂ ਬਿਤਾਉਣ ਦਾ ਮੌਕਾ ਮਿਲੇਗਾ ਤੇ ਮੈਚ ਵੀ ਖੇਡਣ ਨੂੰ ਮਿਲਣਗੇ। ਮੁਸਤਫਿਜੁਰ ਤੇ ਮੈਂ ਇਸ ਤਜਰਬੇ ਨੂੰ ਹੋਰ ਖਿਡਾਰੀਆਂ ਨਾਲ ਵੰਡ ਸਕਦੇ ਹਾਂ। ਅਸੀਂ ਹੋਰ ਖਿਡਾਰੀਆਂ ਦੀ ਮਾਨਸਿਕਤਾ ਸਮਝਾਂਗੇ, ਉਹ ਵਿਸ਼ਵ ਕੱਪ ਬਾਰੇ ਕੀ ਸੋਚ ਰਹੇ ਹਨ ਤੇ ਫਿਰ ਇਸ ਦੀ ਜਾਣਕਾਰੀ ਆਪਣੇ ਖਿਡਾਰੀਆਂ ਨੂੰ ਦੇਵਾਂਗੇ। ਸ਼ਾਕਿਬ ਨੇ ਕਿਹਾ ਕਿ ਹਾਲਾਤ ਨਾਲ ਤਾਲਮੇਲ ਬਿਠਾਉਣ 'ਚ ਕੋਈ ਮੁਸ਼ਕਲ ਨਹੀਂ ਹੋਵੇਗੀ ਕਿਉਂਕਿ ਟੀਮ ਦੇ ਕੋਲ ਇਸ ਲਈ ਕਾਫੀ ਸਮਾਂ ਹੈ।