ਮੁੰਬਈ (ਪੀਟੀਆਈ) : ਕੋਲਕਾਤਾ ਨਾਈਟਰਾਈਡਰਜ਼ ਦੇ ਸਹਿ ਮਾਲਕ ਬਾਲੀਵੁਡ ਸਟਾਰ ਸ਼ਾਹਰੁਖ਼ ਖਾਨ ਨੇ ਟਵੀਟ ਵਿਚ ਲਿਖਿਆ ਕਿ ਸਾਰੀਆਂ ਫਰੈਂਚਾਈਜ਼ੀਆਂ ਦੇ ਮਾਲਕਾਂ ਨੂੰ ਮਿਲਣਾ ਚੰਗਾ ਰਿਹਾ। ਬੀਸੀਸੀਆਈ ਤੇ ਆਈਪੀਐੱਲ ਫਰੈਂਚਾਈਜ਼ੀਆਂ ਵਿਚਾਲੇ ਇਸ ਮੀਟਿੰਗ ਦਾ ਮਕਸਦ ਇਹੀ ਸੀ ਕਿ ਅਸੀਂ ਸਾਰੇ ਕੀ ਮੰਨਦੇ ਹਾਂ। ਉਨ੍ਹਾਂ ਨੇ ਅੱਗੇ ਲਿਖਿਆ ਕਿ ਦਰਸ਼ਕਾਂ, ਖਿਡਾਰੀਆਂ ਤੇ ਮੈਨੇਜਮੈਂਟ ਤੇ ਜਿਨ੍ਹਾਂ ਸ਼ਹਿਰਾਂ ਵਿਚ ਵੀ ਅਸੀਂ ਖੇਡਾਂਗੇ, ਉਥੇ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ। ਕੋਰੋਨਾ ਵਾਇਰਸ ਤੋਂ ਬਚਾਅ ਲਈ ਸਰਕਾਰ ਜੋ ਵੀ ਕਦਮ ਉਠਾਏਗੀ, ਉਸੇ ਨੂੰ ਦੇਖਦੇ ਹੋਏ ਫ਼ੈਸਲਾ ਕੀਤਾ ਜਾਵੇ। ਬੀਸੀਸੀਆਈ ਦਾ ਜੋ ਵੀ ਫ਼ੈਸਲਾ ਹੈ, ਉਹ ਸਿਹਤ ਸੁਰੱਖਿਆ ਨੂੰ ਧਿਆਨ ਵਿਚ ਰੱਖ ਕੇ ਹੀ ਕੀਤਾ ਜਾਵੇ। ਕਿੰਗ ਖਾਨ ਨੇ ਨਾਲ ਹੀ ਉਮੀਦ ਜ਼ਾਹਰ ਕੀਤੀ ਕਿ ਜਲਦ ਵਾਇਰਸ ਦਾ ਅਸਰ ਸਮਾਪਤ ਹੋਵੇਗਾ ਤੇ ਖੇਡ ਸ਼ੁਰੂ ਹੋਵੇਗਾ। ਉਨ੍ਹਾਂ ਨੇ ਲਿਖਿਆ ਕਿ ਉਮੀਦ ਕਰਦਾ ਹਾਂ ਕਿ ਇਸ ਵਾਇਰਸ ਦਾ ਅਸਰ ਸਮਾਪਤ ਹੋਵੇਗਾ ਤੇ ਖੇਡ ਮੁੜ ਸ਼ੁਰੂ ਹੋਵੇਗਾ। ਬੀਸੀਸੀਆਈ ਤੇ ਟੀਮ ਮਾਲਕ ਸਰਕਾਰ ਨਾਲ ਕੰਮ ਕਰ ਰਹੇ ਹਨ ਤੇ ਹਰ ਕਿਸੇ ਦੀ ਸਿਹਤ ਸੁਰੱਖਿਆ ਨੂੰ ਦੇਖਦੇ ਹੋਏ ਕੋਈ ਫ਼ੈਸਲਾ ਲਿਆ ਜਾਵੇਗਾ।