ਜੇਐੱਨਐੱਨ, ਨਵੀਂ ਦਿੱਲੀ : ਸਾਬਕਾ ਸਲਾਮੀ ਬੱਲੇਬਾਜ਼ ਡਬਲਯੂਵੀ ਰਮਨ ਦੇ ਭਾਰਤੀ ਮਹਿਲਾ ਟੀਮ ਦੇ ਮੁੱਖ ਕੋਚ ਅਹੁਦੇ ਤੋਂ ਹਟਣ ਤੋਂ ਬਾਅਦ ਮਦਨ ਲਾਲ ਦੀ ਅਗਵਾਈ ਵਾਲੀ ਕ੍ਰਿਕਟ ਸਲਾਹਕਾਰ ਸਮਿਤੀ (ਸੀਏਸੀ) ਤੇ ਨੀਤੂ ਡੇਵਿਡ ਦੀ ਅਗਵਾਈ ਵਾਲੀ ਚੋਣ ਸਮਿਤੀ ਬੀਸੀਸੀਆਈ ਦੇ ਨਿਸ਼ਾਨੇ ’ਤੇ ਆ ਗਈ ਹੈ। ਰਮਨ ਦੀ ਕੋਚਿੰਗ ’ਚ ਭਾਰਤੀ ਮਹਿਲਾ ਟੀਮ ਆਸਟ੍ਰੇਲੀਆ ’ਚ ਟੀ-20 ਵਿਸ਼ਵ ਕੱਪ ਦੇ ਫਾਈਨਲ ’ਚ ਪਹੁੰਚੀ ਸੀ। ਉਨ੍ਹਾਂ ਨੂੰ ਭਾਰਤ ਦੇ ਸਭ ਤੋਂ ਵਧੀਆ ਟ੍ਰੇਨਰਾਂ ’ਚੋਂ ਇਕ ਮੰਨਿਆ ਜਾਂਦਾ ਹੈ। ਮਦਨ ਲਾਲ, ਸੁਲਕੱਸ਼ਣਾ ਨਾਇਕ ਤੇ ਸਾਬਕਾ ਤੇਜ਼ ਗੇਂਦਬਾਜ਼ ਆਰਪੀ ਸਿੰਘ ਦੀ ਸੀਏਸੀ ਨੇ ਉਨ੍ਹਾਂ ਦੀ ਥਾਂ ਇਸ ਜ਼ਿੰਮੇਵਾਰੀ ਲਈ ਫਿਰ ਤੋਂ ਰਮੇਸ਼ ਪੋਵਾਰ ਨੂੰ ਚੁਣਿਆ। ਪੋਵਾਰ ਨੂੰ ਅਹੁਦੇ ਤੋਂ 2018 ’ਚ ਹਟਾ ਦਿੱਤਾ ਗਿਆ ਸੀ।

ਮਦਲ ਲਾਲ ਦੀ ਸਮਿਤੀ ’ਤੇ ਨਾਕਾਬਿਲ ਹੋਣ ਦੇ ਸਵਾਲ ਉੱਠ ਰਹੇ ਹਨ। ਬੀਸੀਸੀਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮਦਨ ਲਾਲ ਨੇ 20 ਮਾਰਚ ਨੂੰ ਆਪਣਾ 70ਵਾਂ ਜਨਮਦਿਨ ਮਨਾਇਆ ਸੀ। ਬੀਸੀਸੀਆਈ ਨੇ ਕੁਝ ਸੁਧਾਰਾਂ ਖ਼ਿਲਾਫ਼ ਸੁਪਰੀਮ ਕੋਰਟ ’ਚ ਦਾਇਰ ਆਪਣੀ ਪਟੀਸ਼ਨ ’ਚ 70 ਸਾਲ ਦੀ ਉਮਰ ਸੀਮਾ ਨੂੰ ਹਟਾਉਣ ਦੀ ਮੰਗ ਨਹੀਂ ਕੀਤੀ ਹੈ। ਅਜਿਹੇ ’ਚ ਮਦਨ ਲਾਲ ਨੂੰ ਸੀਏਸੀ ’ਚ ਬੈਠਣ ਦੀ ਆਗਿਆ ਕਿਵੇਂ ਦਿੱਤੀ ਗਈ?

ਇਸੇ ਤਰ੍ਹਾਂ ਸੀਏਸੀ ਦੀ ਇਕ ਹੋਰ ਮੈਂਬਰ ਸੁਲੱਕਸ਼ਣਾ ਨਾਇਕ ਮੁੰਬਈ ਕ੍ਰਿਕਟ ਸੰਘ ਦੇ ਪ੍ਰਧਾਨ ਸੰਜੇ ਨਾਇਕ ਦੀ ਛੋਟੀ ਭੈਣ ਹੈ। ਪੋਵਾਰ ਹਾਲ ਹੀ ’ਚ ਸੈਯਦ ਮੁਸ਼ਤਾਕ ਅਲੀ ਟੀ-20 ਘਰੇਲੂ ਟੂਰਨਾਮੈਂਟ ’ਚ ਮੁੰਬਈ ਦੇ ਕੋਚ ਸੀ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਸੂਤਰ ਨੇ ਦੱਸਿਆ ਕਿ ਜਿਸ ਤਰ੍ਹਾਂ ਨਾਲ ਅੱਠ ਉਮੀਦਵਾਰਾਂ ਦੇ ਇੰਟਰਵਿਊ ਲਏ ਗਏ, ਉਸ ਤੋਂ ਪਤਾ ਚਲਦਾ ਹੈ ਕਿ ਨਾਇਕ ਨੇ ਪਹਿਲਾਂ ਹੀ ਮਨ ਬਣਾ ਲਿਆ ਸੀ ਕਿ ਮਹਿਜ਼ ਇਕ ਖਰਾਬ ਸੀਰੀਜ਼ ਤੋਂ ਬਾਅਦ ਰਮਨ ਨੂੰ ਕੋਚ ਦੇ ਅਹੁਦੇ ’ਤੇ ਬਰਕਰਾਰ ਨਹੀਂ ਰੱਖਣਾ ਹੈ। ਉਹ ਇਸ ਗੱਲ ਨੂੰ ਵੀ ਜਾਣਦੀ ਸੀ ਕਿ ਟੀਮ ਦੀ ਚੋਣ ’ਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ। ਟੀਮ ਦੀ ਚੋਣ ਨਾਇਕ ਦੀ ਸਾਬਕਾ ਟੀਮ ਸਾਥੀ ਨੀਤੂ ਡੇਵਿਡ ਦੀ ਅਗਵਾਈ ਵਾਲੀ ਸਮਿਤੀ ਕਰਦੀ ਹੈ।

Posted By: Sunil Thapa