ਜੋਹਨਸਬਰਗ (ਏਜੰਸੀ) : ਕ੍ਰਿਕਟ ਦੱਖਣੀ ਅਫਰੀਕਾ (ਸੀਐੱਸਏ) ਨੇ ਸ਼ੁੱਕਰਵਾਰ ਨੂੰ ਆਈਸੀਸੀ ਦੇ ਪ੍ਰਧਾਨ ਦੇ ਅਹੁਦੇ ਲਈ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਦਾ ਸਮਰਥਨ ਕਰਨ ਵਾਲੇ ਆਪਣੇ ਕ੍ਰਿਕਟ ਡਾਇਰੈਕਟਰ ਗ੍ਰੀਮ ਸਮਿਥ ਦੇ ਬਿਆਨ ਤੋਂ ਵੱਖ ਰੁਖ਼ ਅਪਣਾਉਂਦੇ ਹੋਏ ਕਿਹਾ ਕਿ ਕਿਸੇ ਵੀ ਉਮੀਦਵਾਰ ਨੂੰ ਸਮਰਥਨ ਦੇਣ ਤੋਂ ਪਹਿਲਾਂ ਪ੍ਰੋਟੋਕਾਲ ਦਾ ਪਾਲਣ ਕੀਤਾ ਜਾਵੇਗਾ। ਸੀਐੱਸਏ ਦੇ ਕ੍ਰਿਕਟ ਡਾਇਰੈਕਟਰ ਤੇ ਸਾਬਕਾ ਕਪਤਾਨ ਗ੍ਰੀਮ ਸਮਿਥ ਨੇ ਆਈਸੀਸੀ ਦੇ ਚੋਟੀ ਦੇ ਅਹੁਦੇ ਲਈ ਵੀਰਵਾਰ ਨੂੰ ਗਾਂਗੁਲੀ ਦਾ ਸਮਰਥਨ ਕੀਤਾ। ਇਸ ਤੋਂ ਇਕ ਦਿਨ ਬਾਅਦ ਹੀ ਹਾਲਾਂਕਿ ਸੀਐੱਸਏ ਨੇ ਸਮਿਥ ਦੇ ਬਿਆਨ ਤੋਂ ਵੱਖ ਰੁਖ਼ ਅਪਣਾਇਆ। ਸੀਐੱਸਏ ਦੇ ਪ੍ਰਧਾਨ ਕ੍ਰਿਸ ਨੇਨਜਾਨੀ ਵੱਲੋਂ ਕਿਹਾ ਗਿਆ ਹੈ ਕਿ ਕਿਸ ਉਮੀਦਵਾਰ ਦਾ ਸਮਰਥਨ ਕਰਨਾ ਹੈ, ਇਹ ਤੈਅ ਕਰਨ ਤੋਂ ਪਹਿਲਾਂ ਸਾਨੂੰ ਆਈਸੀਸੀ ਤੇ ਆਪਣੇ ਆਪ ਦੇ ਪ੍ਰੋਟੋਕਾਲ ਦਾ ਸਨਮਾਨ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਅਜੇ ਤਕ ਕੋਈ ਉਮੀਦਵਾਰ ਨਾਮਜ਼ਦ ਨਹੀਂ ਕੀਤਾ ਗਿਆ ਹੈ ਤੇ ਉਮੀਦਵਾਰੀ ਤੈਅ ਹੋਣ ਤੋਂ ਬਾਅਦ ਸੀਐੱਸਏ ਬੋਰਡ ਆਪਣੇ ਪ੍ਰੋਟੋਕਾਲ ਮੁਤਾਬਕ ਫ਼ੈਸਲਾ ਲਵੇਗਾ।