ਨਵੀਂ ਦਿੱਲੀ (ਪੀਟੀਆਈ) : ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਇਸ ਸਾਲ ਦੇ ਆਈਪੀਐੱਲ ਨੂੰ ਲੈ ਕੇ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਹੈ। ਗਾਂਗੁਲੀ ਨੇ ਕਿਹਾ ਕਿ ਮੈਂ ਫ਼ਿਲਹਾਲ ਕੁਝ ਨਹੀਂ ਕਹਿ ਸਕਦਾ। ਅਸੀਂ ਉਸੇ ਸਥਾਨ 'ਤੇ ਹਾਂ ਜਿੱਥੇ ਅਸੀਂ ਇਸ ਨੂੰ ਮੁਲਤਵੀ ਕਰਨ ਵਾਲੇ ਫ਼ੈਸਲਾ ਲੈਣ ਸਮੇਂ ਸੀ। ਪਿਛਲੇ 10 ਦਿਨਾਂ ਵਿਚ ਕੁਝ ਵੀ ਨਹੀਂ ਬਦਲਿਆ ਹੈ। ਇਸ ਕਾਰਨ ਮੇਰੇ ਕੋਲ ਇਸ ਸਬੰਧੀ ਕੋਈ ਜਵਾਬ ਨਹੀਂ ਹੈ। ਸਥਿਤੀ ਪਹਿਲਾਂ ਵਾਂਗ ਬਣੀ ਹੋਈ ਹੈ। ਤੁਸੀਂ ਕੋਈ ਵੀ ਨਵੀਂ ਯੋਜਨਾ ਨਹੀਂ ਬਣਾ ਸਕਦੇ। ਐੱਫਟੀਪੀ (ਭਵਿੱਖ ਦੌਰਾ ਪ੍ਰੋਗਰਾਮ) ਤੈਅ ਹੈ। ਤੁਸੀਂ ਉਸ ਨੂੰ ਬਦਲ ਨਹੀਂ ਸਕਦੇ। ਪੂਰੀ ਦੁਨੀਆ ਵਿਚ ਕ੍ਰਿਕਟ ਤੇ ਬਹੁਤ ਸਾਰੀਆਂ ਖੇਡਾਂ ਬੰਦ ਹੋ ਗਈਆਂ ਹਨ। ਮੈਂ ਪੂਰੀ ਤਰ੍ਹਾਂ ਯਕੀਨ ਨਾਲ ਨਹੀਂ ਕਹਿ ਸਕਦਾ ਕਿ ਅਸੀਂ ਬੀਮਾ ਰਕਮ ਹਾਸਲ ਕਰ ਸਕਦੇ ਹਾਂ ਕਿਉਂਕਿ ਇਹ ਇਕ ਸਰਕਾਰੀ ਬੰਦ ਹੈ। ਮੈਨੂੰ ਪਤਾ ਨਹੀਂ ਹੈ ਕਿ ਸਰਕਾਰੀ ਲਾਕਡਾਊਨ ਬੀਮਾ ਤਹਿਤ ਆਉਂਦਾ ਹੈ ਜਾਂ ਨਹੀਂ। ਸਾਨੂੰ ਉਡੀਕ ਕਰਨੀ ਪਵੇਗੀ। ਅਸੀਂ ਇਨ੍ਹਾਂ ਚੀਜ਼ਾਂ ਬਾਰੇ ਨਹੀਂ ਸੋਚਿਆ ਹੈ। ਇਸ ਸਮੇਂ ਮੇਰੇ ਕੋਲ ਕੋਈ ਢੁੱਕਵਾਂ ਜਵਾਬ ਨਹੀਂ ਹੈ। ਦੁਨੀਆ ਦੇ ਸਭ ਤੋਂ ਅਮੀਰ ਬੋਰਡ ਨੇ ਅਜੇ ਤਕ ਕੋਰੋਨਾ ਨਾਲ ਲੜਨ ਲਈ ਕੋਈ ਦਾਨ ਨਹੀਂ ਦਿੱਤਾ ਹੈ। ਇਸ 'ਤੇ ਗਾਂਗੁਲੀ ਨੇ ਕਿਹਾ ਕਿ ਮੈਂ ਬੋਰਡ ਸਕੱਤਰ ਨਾਲ ਗੱਲਬਾਤ ਨਹੀਂ ਕੀਤੀ ਹੈ। ਅਸੀਂ ਸਥਿਤੀ ਨੂੰ ਦੇਖਾਂਗੇ, ਨਿਰਦੇਸ਼ਾਂ ਦਾ ਪਾਲਨ ਕਰਾਂਗੇ ਤੇ ਦੇਖਾਂਗੇ ਕਿ ਕੀ ਹੁੰਦਾ ਹੈ।